ਫਰੀਦਕੋਟ, 1 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਫਰੀਦਕੋਟ ਤੋਂ ਕੋਟਕਪੂਰਾ ਰੋਡ ‘ਤੇ ਹਾਲ ਹੀ ਵਿੱਚ ਬਣੇ ਪੁਲ ਲੋਕਾਂ ਲਈ ਸਹੂਲਤ ਤਾਂ ਬਣੇ ਹਨ ਪਰ ਜਲਦੀ ਵਿੱਚ ਕੀਤੇ ਗਏ ਕੰਮ ਕਾਰਨ ਕੁਝ ਗੰਭੀਰ ਤਕਨੀਕੀ ਖਾਮੀਆਂ ਸਾਹਮਣੇ ਆ ਰਹੀਆਂ ਹਨ। ਇਹ ਖਾਮੀਆਂ ਨਾ ਸਿਰਫ਼ ਵਾਹਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਸਗੋਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੀਆਂ ਹਨ। ਖ਼ਾਸ ਤੌਰ ‘ਤੇ ਪੁਲ ਚੜ੍ਹਦਿਆਂ ਤੇ ਉਤਰਦਿਆਂ 3-4 ਇੰਚ ਤੋਂ ਲੈ ਕੇ ਇੱਕ ਫੁੱਟ ਤੱਕ ਦਾ ਅਚਾਨਕ ਚੜਾਵਾ ਅਤੇ ਥੱਲਾਵਾ ਹੈ, ਜਿਸ ਨਾਲ ਹਰ ਕਿਸਮ ਦੇ ਵਾਹਨ ਝਟਕੇ ਖਾ ਰਹੇ ਹਨ ਅਤੇ ਟਾਇਰਾਂ ਤੇ ਸਸਪੈਂਸ਼ਨ ਨੂੰ ਨੁਕਸਾਨ ਹੋ ਰਿਹਾ ਹੈ। ਅਰਸ਼ ਸੱਚਰ, ਐਕਟਿਵ ਸੋਸ਼ਲ ਵਰਕਰ ਅਤੇ ਸੀਨੀਅਰ ਲੀਡਰ (ਆਮ ਆਦਮੀ ਪਾਰਟੀ) ਫਰੀਦਕੋਟ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਤੁਰਤ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਵਿਭਾਗ/ਕੰਟਰੈਕਟਰ ਨੂੰ ਹੁਕਮ ਜਾਰੀ ਕਰਕੇ ਇਹ ਖਾਮੀਆਂ ਜਲਦੀ ਤੋਂ ਜਲਦੀ ਠੀਕ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਅਤੇ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਦੀ ਮੁਸ਼ਕਿਲਾਂ ਦੇ ਨਾਲ-ਨਾਲ ਵੱਡੇ ਹਾਦਸਿਆਂ ਦਾ ਵੀ ਖਤਰਾ ਬਣਿਆ ਰਹੇਗਾ।