ਤਹਿਸੀਲ ਕੰਪਲੈਕਸ ’ਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਸਮਾਗਮ
ਕੋਟਕਪੂਰਾ, 21 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸ.ਡੀ.ਐਮ. ਦਫਤਰ ਨਾਲ ਸਬੰਧਤ ਅਧਿਕਾਰੀਆਂ, ਕਰਮਚਾਰੀਆਂ, ਨੋਟਰੀ ਪਬਲਿਕ, ਅਸ਼ਟਾਮ ਫਰੋਸ਼, ਪ੍ਰਾਪਰਟੀ ਡੀਲਰਾਂ ਅਤੇ ਹੋਰ ਵੱਖ ਵੱਖ ਕੰਮ ਕਾਰ ਕਰਨ ਵਾਲਿਆਂ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਕੀਰਤਨ ਕਰਵਾਇਆ ਗਿਆ। ਐਸ.ਡੀ.ਐਮ. ਵਰਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਹਰਿੰਦਰਪਾਲ ਸਿੰਘ ਬੇਦੀ ਦੀ ਅਗਵਾਈ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਬੀਬੀ ਨਿਰਮਲਜੀਤ ਕੌਰ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ, ਬਾਬਾ ਪੂਰਨ ਸਿੰਘ ਵਲੋਂ ਅਰਦਾਸ ਬੇਨਤੀ ਅਤੇ ਭਾਈ ਜੋਗਿੰਦਰ ਸਿੰਘ ਨੇ ਪਵਿੱਤਰ ਹੁਕਮਨਾਮਾ ਲਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਉਚੇਚੇ ਤੌਰ ’ਤੇ ਪੁੱਜੇ ਐਡਵੋਕੇਟ ਬੀਰਇੰਦਰ ਸਿੰਘ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਪੀਕਰ ਸੰਧਵਾਂ ਦਾ ਵਾਅਦਾ ਦੁਹਰਾਉਂਦਿਆਂ ਆਖਿਆ ਕਿ ਸ਼ਹਿਰ ਵਿੱਚ ਕਿਸੇ ਢੁਕਵੀਂ ਥਾਂ ’ਤੇ ਨਵਾਂ ਤਹਿਸੀਲ ਕੰਪਲੈਕਸ ਬਣਾਉਣ ਦੀ ਤਜਵੀਜ ਹੈ, ਜਿਸ ਉੱਪਰ ਬਕਾਇਦਾ ਵਿਚਾਰ ਚਰਚਾ ਚੱਲ ਰਹੀ ਹੈ। ਉਹਨਾਂ ਆਖਿਆ ਕਿ ਸਪੀਕਰ ਸੰਧਵਾਂ ਵਲੋਂ ਕੁਝ ਕੁ ਅਜਿਹੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਮੱਦਦ ਕਰਨ ਮੌਕੇ ਗ੍ਰਾਂਟ ਰਾਸ਼ੀ ਦੇ ਚੈੱਕ ਭੇਂਟ ਕੀਤੇ ਗਏ ਤਾਂ ਸਬੰਧਤ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਖੁਦ ਮੰਨਿਆ ਕਿ ਸਪੀਕਰ ਸੰਧਵਾਂ ਕਥਨੀ ਅਤੇ ਕਰਨੀ ਦੇ ਪੂਰੇ ਹਨ, ਕਿਉਂਕਿ ਇਸ ਤੋਂ ਪਹਿਲਾਂ ਕਈ ਲੀਡਰਾਂ ਵਲੋਂ ਸਹਾਇਤਾ ਰਾਸ਼ੀ ਦੇਣ ਦੇ ਐਲਾਨ, ਵਾਅਦੇ ਅਤੇ ਦਾਅਵੇ ਤਾਂ ਕੀਤੇ ਗਏ ਪਰ ਅੱਜ ਤੱਕ ਉਹਨਾਂ ਤੱਕ ਇਕ ਪੈਸਾ ਵੀ ਨਹੀਂ ਪੁੱਜਾ। ਐਡਵੋਕੇਟ ਬੀਰਇੰਦਰ ਸਿੰਘ ਨੇ ਇਸ ਸ਼ੁੱਭ ਮੋਕੇ ’ਤੇ ਭਿ੍ਰਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਇਸ ਵਿੱਚ ਹਰ ਮਹਿਕਮੇ ਦਾ ਅਧਿਕਾਰੀ ਅਤੇ ਕਰਮਚਾਰੀ ਬਣਦਾ ਯੋਗਦਾਨ ਪਾ ਸਕਦਾ ਹੈ। ਬਾਬਾ ਪੂਰਨ ਸਿੰਘ ਨੇ ਆਖਿਆ ਕਿ ਜੇਕਰ ਵਾਹਿਗੁਰੂ ਨੂੰ ਅੰਗ-ਸੰਗ ਰੱਖਾਂਗੇ ਅਰਥਾਤ ਗੁਰੂ ਨਾਲ ਜੁੜ ਕੇ ਰਹਾਂਗੇ ਤਾਂ ਬੁਰਾਈਆਂ ਤੋਂ ਨਿਜ਼ਾਤ ਮਿਲਣੀ ਸੁਭਾਵਿਕ ਹੈ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਸਰਨ ਕੁਮਾਰ ਨੇ ਸਾਰਿਆਂ ਦੀ ਜਾਣ-ਪਛਾਣ ਕਰਵਾਈ। ਪ੍ਰਬੰਧਕਾਂ ਵਲੋਂ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰਾਂ ਸਮੇਤ ਐਡਵੋਕੇਟ ਬੀਰਇੰਦਰ ਸਿੰਘ, ਅਮਨਦੀਪ ਸਿੰਘ ਸੰਧੂ ਪੀ.ਏ., ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ, ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਗੁਰਚਰਨ ਸਿੰਘ ਬਰਾੜ, ਬਲਬੀਰ ਸਿੰਘ ਸੁਪਰਡੈਂਟ ਆਦਿ ਦਾ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨ ਕੀਤਾ ਗਿਆ।

