ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਵਚਨਬੱਧ: ਕੋਹਲੀ, ਗੋਗੀਆ
ਪਟਿਆਲਾ, 13 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਪੰਜਾਬ ਸਰਕਾਰ ਦੀ ਮਹਿਲਾਵਾਂ ਦੀ ਸੁਰੱਖਿਆ, ਆਤਮ-ਨਿਰਭਰਤਾ ਅਤੇ ਸਮਾਜਿਕ ਸਤਿਕਾਰ ਨੂੰ ਪ੍ਰੋਤਸਾਹਿਤ ਕਰਨ ਲਈ “ਮੁੱਖ ਮੰਤਰੀ ਮਾਵਾਂ‑ਧੀਆਂ ਸਤਿਕਾਰ ਯੋਜਨਾ” ਦਾ ਅੱਜ ਇੱਥੇ ਜਾਗੋ ਕੱਢ ਕੇ ਪ੍ਰਚਾਰ ਕੀਤਾ ਹੈ। ਇਸ ਮੌਕੇ ਪਟਿਆਲਾ ਦੇ ਖੱਦਰ ਭੰਡਾਰ ਖੱਦਰ ਭੰਡਾਰ ਪੁਰਾਣੀ ਕੋਤਵਾਲੀ ਵਿਖੇ ਕੱਢੀ ਗਈ ਜਾਗੋ ਦੌਰਾਨ ਔਰਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਕੋਹਲੀ ਨੇ ਦਸਿਆ ਕਿ ਇਸ ਯੋਜਨਾ ਤਹਿਤ, ਸਾਰੀਆਂ ਯੋਗ ਲਾਭਪਾਤਰੀ ਮਹਿਲਾਵਾਂ ਨੂੰ ਮਹੀਨੇ ਦੇ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਹ ਰਕਮ ਸਿੱਧੇ ਤੌਰ ‘ਤੇ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ।ਓਹਨਾ ਕਿਹਾ ਕਿ ਸਕੀਮ ਦਾ ਮੁੱਖ ਉਦੇਸ਼ ਮਾਵਾਂ ਅਤੇ ਧੀਆਂ ਨੂੰ ਆਰਥਿਕ ਸਹਾਇਤਾ ਦੇ ਕੇ ਉਹਨਾਂ ਦੀ ਸਵੈ-ਸਮਰੱਥਾ ਅਤੇ ਸਮਾਜਿਕ ਸਤਿਕਾਰ ਨੂੰ ਮਜ਼ਬੂਤ ਕਰਨਾ ਹੈ।
ਵਿਧਾਇਕ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਦੀਆਂ ਮਹਿਲਾਵਾਂ ਲਈ ਇੱਕ ਇਤਿਹਾਸਕ ਕਦਮ ਹੈ, ਜਿਸ ਨਾਲ ਉਹਨਾਂ ਨੂੰ ਆਰਥਿਕ ਸਹਾਇਤਾ ਮਿਲੇਗੀ ਅਤੇ ਉਹ ਆਪਣੀਆਂ ਜ਼ਿੰਦਗੀਆਂ ਵਿੱਚ ਸੁਤੰਤਰਤਾ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧ ਸਕਣਗੀਆਂ।ਓਹਨਾ ਦਸਿਆ ਕਿ ਸਰਕਾਰ ਅਪ੍ਰੈਲ ਮਹੀਨੇ ਵਿਸਾਖੀ ਮੌਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੇਗੀ ਅਤੇ ਯੋਗ ਮਹਿਲਾਵਾਂ ਨੂੰ ਤੁਰੰਤ ਲਾਭ ਪ੍ਰਦਾਨ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਇੰਚਾਰਜ ਆਰਤੀ ਗੁਪਤਾ ਅਤੇ ਹਲਕਾ ਕੋਆਰਡੀਨੇਟਰ ਰੂਬੀ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੌਜੂਦ ਸਨ।

