ਫ਼ਰੀਦਕੋਟ 18 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਨੇ ਅੱਜ ਨਗਰ ਕੌਂਸਲ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ। ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਟਰੱਸਟ ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਟਰੱਸਟ ਦੇ ਚੇਅਰਮੈਨ ਪ੍ਰਿੰ. ਕ੍ਰਿਸ਼ਨ ਲਾਲ, ਜਨਰਲ ਸਕੱਤਰ ਮਲਕੀਤ ਸਿੰਘ ਮੰਮਣ, ਸੀਨੀਅਰ ਆਗੂ ਸ੍ਰੀ ਕ੍ਰਿਸ਼ਨ ਆਰ.ਏ. ਅਤੇ ਜੀ.ਪੀ. ਛਾਬੜਾ ਆਦਿ ਵੀ ਵਫ਼ਦ ਵਿੱਚ ਸ਼ਾਮਿਲ ਸਨ। ਮੁਲਾਕਾਤ ਦੌਰਾਨ ਟਰੱਸਟ ਵੱਲੋਂ ਫਰੀਦਕੋਟ ਸਾਦਿਕ ਸੜਕ ’ਤੇ ਪੁਰਾਣੇ ਨਾਲੇ ਕੋਲ ਅਰਾਈਆਂ ਵਾਲਾ ਅਤੇ ਸਰਕੁਲਰ ਰੋਡ ਨੂੰ ਜੋੜਨ ਵਾਲੀ ਸੜਕ ’ਤੇ ਬਣਦੇ ਚੌਰਾਹੇ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖਣ ਦੀ ਮੰਗ ਰੱਖੀ ਅਤੇ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਇੰਜ. ਰਾਜੇਸ਼ ਕੁਮਾਰ ਕੰਬੋਜ ਅਤੇ ਜੇ.ਈ. ਅੰਕੁਸ਼ ਕਪੂਰ ਵੀ ਮੌਜੂਦ ਸਨ। ਸ਼ਹਿਰ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਅਤੇ ਸ਼ਹਿਰੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਕੌਂਸਲ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਨੇ ਵਫ਼ਦ ਦੀ ਗੱਲਬਾਤ ਨੂੰ ਬੜੀ ਹਮਦਰਦੀ ਅਤੇ ਗੰਭੀਰਤਾ ਨਾਲ ਸੁਣਿਆ ਅਤੇ ਤੁਰੰਤ ਹੀ ਉਕਤ ਚੌਂਕ ਦਾ ਨਾਮ ਡਾ. ਅੰਬੇਡਕਰ ਚੌਂਕ ਰੱਖੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ। ਪ੍ਰਧਾਨ ਨੇ ਕਿਹਾ ਕਿ ਦੋ ਚਾਰ ਦਿਨਾਂ ਵਿੱਚ ਹੀ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਇਸ ਸਬੰਧੀ ਬਕਾਇਦਾ ਤੌਰ ’ਤੇ ਮਤਾ ਪਾ ਦਿੱਤਾ ਜਾਵੇਗਾ। ਪ੍ਰਧਾਨ ਨੇ ਇਹ ਵੀ ਭਰੋਸਾ ਦਿੱਤਾ ਕਿ ਜਲਦੀ ਹੀ ਉਕਤ ਚੌਂਕ ਵਿੱਚ ਡਾ. ਅੰਬੇਡਕਰ ਚੌਂਕ ਦੇ ਨਾਮ ਨੂੰ ਦਰਸਾਉਂਦੇ ਡਿਸਪਲੇ ਬੋਰਡ ਲਗਾ ਦਿੱਤੇ ਜਾਣਗੇ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਢੋਸੀਵਾਲ ਨੇ ਦੱਸਿਆ ਹੈ ਕਿ ਵਫ਼ਦ ਵੱਲੋਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬੰਦ ਪਈਆਂ ਸਟਰੀਟ ਲਾਈਟਾਂ ਦਾ ਮਾਮਲਾ ਉਠਾਏ ਜਾਣ ’ਤੇ ਇਹਨਾਂ ਦਾ ਜਲਦੀ ਹੱਲ ਕਰਵਾਏ ਜਾਣ ਦਾ ਵਿਸ਼ਾਵਸ ਦਿਵਾਇਆ। ਸ੍ਰੀ ਢੋਸੀਵਾਲ ਅਤੇ ਸ੍ਰੀ ਭਾਰਤੀ ਨੇ ਡਾ. ਅੰਬੇਡਕਰ ਚੌਂਕ ਬਣਾਏ ਜਾਣ ਲਈ ਨਗਰ ਕੌਂਸਲ ਪ੍ਰਧਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਮੀਦ ਜਾਹਿਰ ਕੀਤੀ ਕਿ ਜਲਦੀ ਹੀ ਨਗਰ ਕੌਂਸਲ ਐਮ.ਈ. ਅਤੇ ਜੇ.ਈ. ਵੱਲੋਂ ਡਾ. ਅੰਬੇਡਕਰ ਚੌਂਕ ਦੇ ਨਾਮ ਨੂੰ ਦਰਸਾਉਂਦੇ ਹੋਏ ਡਿਸਪਲੇ ਬੋਰਡ ਲਗਵਾ ਦਿੱਤੇ ਜਾਣਗੇ।