ਬਠਿੰਡਾ,8 ਸਤੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅਧਿਆਪਕ ਦਿਵਸ ਵਾਲੇ ਦਿਨ ਕੌਮੀ ਅਧਿਆਪਕ ਪੁਰਸਕਾਰ ਜੇਤੂ ਮਾਸਟਰ ਰਜਿੰਦਰ ਸਿੰਘ ਇੰਸਾਂ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਦਰੋਪਤੀ ਮੁਰਮੂ ਤੋਂ ਪੁਰਸਕਾਰ ਲੈ ਕੇ ਅੱਜ ਆਪਣੇ ਨਿਵਾਸ ਸਥਾਨ ਗੋਨਿਆਣਾ ਮੰਡੀ ਪਹੁੰਚੇ। ਇਸ ਮੌਕੇ ਗੋਨਿਆਣਾ ਮੰਡੀ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਸਿਆਸੀ ਆਗੂਆਂ ਵੱਲੋਂ ਵੀ ਉਹਨਾਂ ਦਾ ਭਰਗਾਂ ਸਵਾਗਤ ਕੀਤਾ ਗਿਆ।
ਇੱਕ ਵੱਡੀ ਗੱਡੀ ਵਿੱਚ ਸਵਾਰ ਹੋ ਕੇ ਰਜਿੰਦਰ ਸਿੰਘ ਇੰਸਾਂ ਵੱਲੋਂ ਗੋਨਿਆਣਾ ਦੇ ਕੋਠੇ ਇੰਦਰ ਸਿੰਘ ਵਾਲੇ ਤੱਕ ਸਕੂਲ ਦਾ ਸਫਰ ਕੀਤਾ ਗਿਆ ਜਿੱਥੇ ਥਾਂ-ਥਾਂ ਤੇ ਆਮ ਲੋਕਾਂ ਵੱਲੋਂ ਢੋਲ ਦੀ ਥਾਪ ਤੇ ਰਜਿੰਦਰ ਸਿੰਘ ਇੰਸਾਂ ਦਾ ਸਵਾਗਤ ਕਰਨ ਲਈ ਟੋਲੀਆਂ ਬਣਾ- ਬਣਾ ਕੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ। ਗੋਨਿਆਣਾ ਮੰਡੀ ਦੇ ਸਰਕਾਰੀ ਕੰਨਿਆ ਸਕੂਲ ਅਤੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਦੇ ਬੱਚਿਆਂ ਅਤੇ ਸਟਾਫ ਵੱਲੋਂ ਵੀ ਮਾਸਟਰ ਰਜਿੰਦਰ ਸਿੰਘ ਇੰਸਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਜਿਕਰਯੋਗ ਹੈ ਕਿ ਮਾਸਟਰ ਰਜਿੰਦਰ ਸਿੰਘ ਇੰਸਾਂ ਨੇ ਕੋਠੇ ਇੰਦਰ ਸਿੰਘ ਵਾਲਾ ਵਿਖੇ ਲਗਭਗ ਨੌ ਸਾਲ ਪਹਿਲਾਂ ਸਕੂਲ ਵਿੱਚ ਜੁਆਇਨ ਕੀਤਾ ਸੀ ਉਸ ਸਮੇਂ ਸਕੂਲ ਵਿੱਚ ਸਿਰਫ ਦੋ ਜਾਂ ਤਿੰਨ ਕਮਰੇ ਸਨ ਅਤੇ ਬਹੁਤ ਹੀ ਖਸਤਾ ਹਾਲਤ ਵਿੱਚ ਅਤੇ ਚਾਰ ਦੁਆਰੀ ਵੀ ਬਿਲਕੁਲ ਹੀ ਢਹਿ ਚੁੱਕੀ ਸੀ। ਪਿੰਡ ਦੇ ਮੋਹਤਬਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਮਾਸਟਰ ਰਜਿੰਦਰ ਸਿੰਘ ਇੰਸਾਂ ਨੇ ਇਸ ਸਕੂਲ ਨੂੰ ਇੱਕ ਵਧੀਆ ਸਕੂਲ ਦਾ ਦਰਜਾ ਦਿਵਾਉਣ ਲਈ ਬੀੜਾ ਚੁੱਕਿਆ ਤਾਂ ਨੌ ਸਾਲਾਂ ਦੌਰਾਨ ਸਿਰਫ 33 ਬੱਚੇ ਅਤੇ ਇੱਕ ਮਾਸਟਰ ਨਾਲ ਚੱਲਣ ਵਾਲੇ ਸਕੂਲ ਵਿੱਚ ਅੱਜ ਲਗਭਗ ਬੱਚਿਆਂ ਦੀ ਗਿਣਤੀ 250 ਦੇ ਕਰੀਬ ਹੋ ਚੁੱਕੀ ਹੈ। ਲਗਭਗ ਨੇੜਲੇ 16 ਪਿੰਡਾਂ ਤੋਂ ਬੱਚੇ ਇਸ ਸਰਕਾਰੀ ਸਕੂਲ ਵਿੱਚ ਪੜਨ ਆਉਂਦੇ ਹਨ। ਇਸ ਮੌਕੇ ਤੇ ਭਾਵੁਕ ਹੁੰਦਿਆਂ ਮਾਸਟਰ ਰਜਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਇਸ ਸਨਮਾਨ ਦਾ ਸਾਰਾ ਸਿਹਰਾ ਮੇਰੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ ਜਿੰਨਾਂ ਨੇ ਮੈਨੂੰ ਇੱਕ ਵਧੀਆ ਸਿੱਖਿਆ ਦੇ ਕੇ ਇਸ ਰਾਹ ਤੇ ਤੋਰਿਆ, ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਦੇ ਲੋਕਾਂ ਨੂੰ ਜਾਂਦਾ ਹੈ ਜਿੰਨਾਂ ਨੇ ਮੈਨੂੰ ਖਾਸ ਸਹਿਯੋਗ ਦਿੱਤਾ ਅਤੇ ਮੇਰੇ ਪੂਰੇ ਸਟਾਫ ਵੱਲੋਂ ਵੀ ਮੈਨੂੰ ਬਹੁਤ ਜਿਆਦਾ ਸਹਿਯੋਗ ਮਿਲਿਆ ਤਾਂ ਅੱਜ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਦੇ ਯੋਗ ਹੋਇਆ ਹਾਂ। ਮੈਂ ਇਸ ਪੁਰਸਕਾਰ ਨੂੰ ਆਪਣੇ ਸਟਾਫ ਅਤੇ ਮਿਡ ਡੇ ਮੀਲ ਬਣਾਉਣ ਵਾਲੀਆਂ ਕੁੱਕ ਬੀਬੀਆਂ ਨੂੰ ਸਮਰਪਿਤ ਕਰਦਾ ਹਾਂ। ਗੋਨਿਆਣਾ ਮੰਡੀ ਦੇ ਨਗਰ ਕੌਂਸਲ ਪ੍ਰਧਾਨ ਕਸ਼ਮੀਰੀ ਲਾਲ ਗਰਗ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਜਨੀਸ ਰਾਜੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ, ਉੱਘੇ ਸਮਾਜ ਸੇਵੀ ਅਤੇ ਪੰਜਾਬ ਸਟੇਟ ਹਿੰਦੂ ਮਹਾਂਸਭਾ ਦੇ ਪ੍ਰਧਾਨ ਵਿਪਨ ਕੁਮਾਰ ਤੇ ਸਾਬਕਾ ਸਰਪੰਚ ਕੋਠੇ ਇੰਦਰ ਸਿੰਘ ਵਾਲੇ ਗੋਨਿਆਣਾ ਮੰਡੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਅਤੇ ਬੀਜੇਪੀ ਮੰਡਲ ਪ੍ਰਧਾਨ ਸੰਦੀਪ ਕੁਮਾਰ ਬਿੰਟਾ, 85 ਮੈਂਬਰ ਪੰਜਾਬ ਸੰਤੋਖ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਰਜਿੰਦਰ ਇੰਸਾਂ ਬਠਿੰਡਾ, ਅਮਰਿੰਦਰ ਇੰਸਾਂ ਬਠਿੰਡਾ, 85 ਮੈਂਬਰ ਭੈਣ ਕਮਲਜੀਤ ਕੌਰ ਇੰੰਸਾਂ, ਇੰਦਰਜੀਤ ਕੌਰ ਇੰਸਾਂ, ਗੋਨਿਆਣਾ ਮੰਡੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਾਸਟਰ ਰਜਿੰਦਰ ਸਿੰਘ ਇੰਸਾਂ ਦਾ ਸਨਮਾਨ ਕੀਤਾ ਗਿਆ।

