ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਚੱਲ ਰਹੇ ਕੌਮੀ ਸੇਵਾ ਯੋਜਨਾ ਦੇ 7 ਰੋਜ਼ਾ ਕੈਂਪ ਦੇ ਅੱਜ ਚੌਥੇ ਦਿਨ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ। ਉਹ ਰੋਜ਼ਾਨਾ ਦੀ ਸ਼ਡਿਊਲ ਅਨੁਸਾਰ ਵਿਦਿਆਰਥੀਆਂ ਨੇ 5:00 ਵਜੇ ਉੱਠ ਕੇ ਸਰੀਰ ਨੂੰ ਗਰਮਾਉਣ ਵਾਲੀਆਂ ਕਸਰਤਾਂ ਕੀਤੀਆਂ ਅਤੇ ਉਪਰੰਤ ਯੋਗਾ ਕੀਤਾ। ਵਲੰਟੀਅਰਾਂ ਨੇ ਇਸ਼ਨਾਨ ਕਰਨ ਉਪਰੰਤ ਪਾਠ ਕੀਤਾ। ‘ਕਿਟ ਲੇ ਆਊਟ’ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਨਾਸ਼ਤਾ ਕੀਤਾ ਅਤੇ ਯਾਤਰਾ ਲਈ ਤਿਆਰ ਹੋਏ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਜਨਮ ਸਥਾਨ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਸਾਹਿਬ ਸਰਾਏ ਨਾਗਾ ਵਿਖੇ ਲਿਜਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਮੁਕਤਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਦਰਸ਼ਨ ਕਰਵਾਏ ਗਏ। ਫਿਰ ਵਿਦਿਆਰਥੀ ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ ਅਤੇ ਗੁਰਦੁਆਰਾ ਤਰਨਤਰਨ ਦੁੱਖ ਨਿਵਾਰਨ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਏ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ, ਡਾਇਰੈਕਟਰ/ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਨੇ ਦੱਸਿਆ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਦੀਆਂ ਹਨ। ਵਲੰਟੀਅਰਾਂ ਨੇ ਦੱਸਿਆ ਕਿ ਇਹਨਾਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਉਹਨਾ ਦੀ ਜਾਣਕਾਰੀ ਵਿੱਚ ਬਹੁਤ ਵਾਧਾ ਹੋਇਆ। ਇਸ ਯਾਤਰਾ ਵਿੱਚ ਪ੍ਰੋਗਰਾਮ ਅਫਸਰ ਸ੍ਰੀਮਤੀ ਸ਼ਮਿੰਦਰ ਕੌਰ, ਗੁਰਵਿੰਦਰ ਸਿੰਘ, ਗੁਰਸ਼ਿੰਦਰ ਸਿੰਘ ਅਤੇ ਪਰਮਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
