ਕੋਟਕਪੂਰਾ, 1 ਜਨਵਰੀ ( ਟਿੰਕੂ ਕੁਮਾਰ/ ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਵੱਲੋਂ ਭਾਰਤ ਸਰਕਾਰ ਦੀ ਸਵੱਛਤਾ ਮੁਹਿੰਮ ਤਹਿਤ 16 ਤੋਂ 31 ਦਸੰਬਰ 2025 ਤੱਕ ਸਵੱਛਤਾ ਪਖਵਾੜਾ ਮਨਾਇਆ ਗਿਆ। ਇਹ ਪਖਵਾੜਾ ਡਾ. ਰਾਕੇਸ਼ ਕੁਮਾਰ ਇੰਚਾਰਜ ਕੇ.ਵੀ.ਕੇ. ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸਵੱਛਤਾ ਪਖਵਾੜੇ ਦੌਰਾਨ ਕੇਂਦਰ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੀ ਸ਼ੁਰੂਆਤ ਸਵੱਛਤਾ ਸਹੁੰ ਸਮਾਗਮ ਨਾਲ ਕੀਤੀ ਗਈ। ਸਵੱਛਤਾ ਜਾਗਰੂਕਤਾ ਦਿਹਾੜੇ ਮੌਕੇ ਕਿਸਾਨਾਂ ਨੂੰ ਖੇਤੀ ਰਹਿੰਦ-ਖੂੰਹਦ ਤੋਂ ਉੱਤਮ ਗੁਣਵੱਤਾ ਵਾਲੀ ਖਾਦ ਤਿਆਰ ਕਰਨ ਬਾਰੇ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਦਫ਼ਤਰ ਦੀਆਂ ਪੁਰਾਣੀਆਂ ਫ਼ਾਇਲਾਂ ਦੀ ਛਾਂਟੀ ਕਰਕੇ ਬੇਲੋੜੀਆਂ ਫ਼ਾਇਲਾਂ ਨੂੰ ਖਾਰਜ ਕੀਤਾ ਗਿਆ ਅਤੇ ਦਫ਼ਤਰ ਦੇ ਅੰਦਰ ਅਤੇ ਆਲੇ-ਦੁਆਲੇ ਸਫ਼ਾਈ ਮੁਹਿੰਮ ਚਲਾਈ ਗਈ। ‘ਗਰੀਨ ਡਰਾਈਵ’ ਤਹਿਤ ਕੇਂਦਰ ਪ੍ਰਾਂਗਣ ਵਿੱਚ ਵੱਖ-ਵੱਖ ਕਿਸਮਾਂ ਦੇ ਫ਼ਲਦਾਰ ਅਤੇ ਛਾਂ-ਦਾਰ ਰੁੱਖ ਲਾਏ ਗਏ। ਸਕੂਲੀ ਬੱਚਿਆਂ ਨੂੰ ਸਵੱਛਤਾ ਪਖਵਾੜੇ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੇ.ਵੀ.ਕੇ. ਵਿਖੇ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਸਵੱਛਤਾ ਪਖਵਾੜੇ ਦੌਰਾਨ ਕਿਸਾਨ ਦਿਵਸ ਮਨਾਇਆ ਗਿਆ, ਜਿਸ ਵਿੱਚ 165 ਕਿਸਾਨਾਂ ਅਤੇ 33 ਕਿਸਾਨ ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਕਿਸਾਨਾਂ ਨੂੰ ਵਾਧੂ ਪਾਣੀ ਦੇ ਸੁਚੱਜੇ ਇਸਤੇਮਾਲ, ਪਲਾਸਟਿਕ ਦੀ ਵਰਤੋਂ ਘਟਾਉਣ ਅਤੇ ਰਸੋਈ ਦੀ ਰਹਿੰਦ-ਖੂੰਹਦ ਤੇ ਰੁੱਖਾਂ ਦੇ ਪੱਤਿਆਂ ਤੋਂ ਖਾਦ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕਰਨ ਲਈ ਸਵੱਛਤਾ ਰੈਲੀ ਵੀ ਕੱਢੀ ਗਈ। ਇਸ ਸਵੱਛਤਾ ਪਖਵਾੜੇ ਨੂੰ ਸਫ਼ਲ ਬਣਾਉਣ ਵਿੱਚ ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਡਾ. ਗੁਰਦਰਸ਼ਨ ਸਿੰਘ, ਪ੍ਰੋਫੈਸਰ (ਬਾਗਬਾਨੀ), ਡਾ. ਗੁਰਲਾਲ ਸਿੰਘ ਗਿੱਲ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ. ਪਵਿੱਤਰ ਸਿੰਘ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ), ਧਰਮਜੀਤ ਸਿੰਘ, ਸੀਨੀਅਰ ਰਿਸਰਚ ਫੈਲੋ ਅਤੇ ਮੈਡਮ ਨਵਦੀਪ ਕੌਰ, ਡਿਮਾਂਸਟਰੇਟਰ (ਗ੍ਰਹਿ ਵਿਗਿਆਨ) ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।

