ਠੰਢ ਤੋਂ ਬਚਣ ਲਈ ਲੋਕ ਗਰਮ ਕੱਪੜਿਆਂ ਅਤੇ ਅੱਗ ਦਾ ਲੈ ਰਹੇ ਹਨ ਸਹਾਰਾ
ਕੋਟਕਪੂਰਾ, 18 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਾਧਾ ਕੀਤਾ ਹੋਇਆ ਹੈ, ਧੁੰਦ ਅਤੇ ਕੋਰੇ ਕਾਰਨ ਜਿੱਥੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਲੋਕ ਠੰਢ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਹਾਲਾਂਕਿ ਰੋਜ਼ਾਨਾ ਦੇ ਕੰਮ ਕਾਰਨ ਜੀਵਿਕਾ ਚਲਾਉਣ ਵਾਲਿਆਂ ਦੇ ਕੰਮ ਵੀ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਹਨ। ਜਦੋਂ ਕਿ ਉਸਾਰੀ ਨਾਲ ਸਬੰਧਤ ਮਜ਼ਦੂਰਾਂ ਦੇ ਕੰਮ ਨੂੰ ਵੀ ਖੜ੍ਹੋਤ ਆਉਂਦੀ ਦਿਖਾਈ ਦੇ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜਸੇਵੀ ਹੰਸ ਰਾਜ ਪ੍ਰਜਾਪਤੀ ਨੇ ਆਖਿਆ ਕਿ ਸਵੇਰ ਤੇ ਰਾਤ ਦੀ ਵਧੇਰੇ ਠੰਢ ਨਾਲ ਪਾਰਾ ਹੇਠਾਂ ਆ ਗਿਆ ਹੈ ਅਤੇ ਕੜਾਕੇ ਦੀ ਠੰਢ ਕਰਕੇ ਬਜ਼ੁਰਗ ਅਤੇ ਬੱਚਿਆਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਠੰਢ ਤੋਂ ਬਚਣ ਲਈ ਲੋਕ ਗਰਮ ਕੱਪੜਿਆਂ ਦੇ ਨਾਲ-ਨਾਲ ਅੱਗ ਦਾ ਸਹਾਰਾ ਵੀ ਲੈ ਰਹੇ ਹਨ। ਜਿਸਦੇ ਚੱਲਦਿਆਂ ਗਲੀਆਂ ਬਜ਼ਾਰਾਂ ਵਿੱਚ ਆਮ ਹੀ ਲੋਕ ਅੱਗ ਸੇਕਦੇ ਦਿਖਾਈ ਦਿੰਦੇ ਹਨ। ਰਾਤ ਅਤੇ ਸਵੇਰ ਨੂੰ ਅੱਗ ਦੇ ਆਸ-ਪਾਸ ਲੋਕਾਂ ਦੀ ਗਿਣਤੀ ਵਧੇਰੇ ਹੋ ਜਾਂਦੀ ਹੈ। ਦੂਜੇ ਪਾਸੇ ਬਾਜ਼ਾਰਾਂ ਵਿੱਚ ਗ੍ਰਾਹਕਾਂ ਦੀ ਕਮੀ ਵੀ ਦਰਜ ਹੋ ਰਹੀ ਹੈ। ਹਾਲਾਂਕਿ ਟੋਪੀਆਂ, ਜੁਰਾਬਾਂ ਤੇ ਹੋਰ ਗਰਮ ਕੱਪੜਿਆਂ ਦੇ ਨਾਲ-ਨਾਲ ਠੰਢ ਦੌਰਾਨ ਖਾਧੀਆਂ ਜਾਣ ਵਾਲੀਆਂ ਵਸਤੂਆਂ ਦੀ ਖ਼ਰੀਦਦਾਰੀ ਚੱਲ ਰਹੀ ਹੈ। ਹੰਸ ਰਾਜ ਪ੍ਰਜਾਪਤੀ ਨੇ ਕਿਹਾ ਕਿ ਦੋਪਹੀਆ ਵਾਹਨਾਂ ’ਤੇ ਸਫ਼ਰ ਕਰਨ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਣਾ ਪੈਂਦਾ ਹੈ। ਜਦੋਂਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਮੌਸਮ ਵਿਚ ਵਧੇਰੇ ਮੁਸ਼ਕਿਲ ਆ ਰਹੀ ਹੈ।