
ਗੁਰਦਾਸਨੰਗਲ 4 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਐਡਵੋਕੇਟ ਹਰਜਿੰਦਰ ਸਿੰਘ ਧਾਮੀ,ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰ.ਸੁਖਮਿੰਦਰ ਸਿੰਘ ਵਿੱਦਿਆ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ , ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਦੀ ਦੇਖ-ਰੇਖ ਅਧੀਨ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਮਿਤੀ 1 ਨਵੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ : ਜੀਵਨ, ਬਾਣੀ ਅਤੇ ਸ਼ਹਾਦਤ ਵਿਸ਼ੇ ਨਾਲ ਸਬੰਧਿਤ ਸੀ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਰਾਹੀਂ ਆਏ ਹੋਏ ਮਹਿਮਾਨ ਵਿਦਵਾਨ ਸਾਹਿਬਾਨ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰੋਫੈਸਰ ਬਾਬਾ ਨਿਰਮਲ ਸਿੰਘ ਰੰਧਾਵਾ ਅੰਤਰਰਾਸ਼ਟਰੀ ਗਤਕਾ ਕੋਚ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਨਰੇਸ਼, ਐਸੋਸੀਏਟ ਪ੍ਰੋਫ਼ੈਸਰ ਤੇ ਮੁੱਖੀ ਪੰਜਾਬੀ ਤੇ ਡੋਗਰੀ ਵਿਭਾਗ ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਨੇ ਕੁੰਜੀਵਤ ਭਾਸ਼ਣ ਨਾਲ ਸੈਮੀਨਾਰ ਦਾ ਆਗਾਜ਼ ਕੀਤਾ। ਇਸ ਉਪਰੰਤ ਮੁੱਖ ਮਹਿਮਾਨ ਪ੍ਰੋ. ਬਾਬਾ ਨਿਰਮਲ ਸਿੰਘ ਰੰਧਾਵਾ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਸ਼ਹਾਦਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਪਰੰਤ ਡਾ. ਹਰਜਿੰਦਰ ਕੌਰ ਸੋਹਲ, ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਚੇਚੇ ਤੌਰ ਤੇ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਤੇ ਚਾਨਣਾ ਪਾਇਆ। ਬੀਬੀ ਜਸਬੀਰ ਕੌਰ ਜਫ਼ਰਵਾਲ ਅਤੇ ਸ੍ਰ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰ. ਗੁਰਿੰਦਰਪਾਲ ਸਿੰਘ ਗੋਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸਮਾਰੋਹ ਸਬੰਧੀ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਅਦੁੱਤੀ ਸ਼ਹਾਦਤ ਦੇ ਸੰਦਰਭ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਡਾ.ਗੁਰਵੰਤ ਸਿੰਘ ਮੁਖੀ ਪੰਜਾਬੀ ਵਿਭਾਗ ਐੱਸ. ਐਲ.ਬਾਵਾ.ਡੀ.ਏ.ਵੀ.ਕਾਲਜ ਬਟਾਲਾ, ਡਾ.ਗੁਰਬੀਰ ਸਿੰਘ ਬਰਾੜ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬਟਾਲਾ, ਡਾ.ਗੁਰਜੰਟ ਸਿੰਘ ਮੁਖੀ ਪੰਜਾਬੀ ਵਿਭਾਗ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੋ. ਕੰਵਲਜੀਤ ਕੌਰ ਮੁਖੀ ਹਿੰਦੀ ਵਿਭਾਗ ਐਸ.ਐਸ.ਐਮ.ਕਾਲਜ ਦੀਨਾਨਗਰ, ਪ੍ਰੋ. ਅਕਾਸ਼ਬੀਰ ਸਿੰਘ ਸਹਾਇਕ ਪ੍ਰੋਫ਼ੈਸਰ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਮਰਸ ਅਤੇ ਅਲਾਈਡ ਸਟੱਡੀਜ਼, ਡਾ. ਸਤਿੰਦਰਜੀਤ ਕੌਰ ਬੁੱਟਰ ਲੈਕਚਰਾਰ ਬਟਾਲਾ ਨੇ ਗੁਰੂ ਸਾਹਿਬ ਦੇ ਜੀਵਨ , ਬਾਣੀ ਅਤੇ ਸ਼ਹਾਦਤ ਆਦਿ ਵਿਸ਼ਿਆਂ ਤੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਸੈਮੀਨਾਰ ਦੀ ਸਮਾਪਤੀ ਤੇ ਡਾ. ਨਿਰਮਲ ਸਿੰਘ ਸਹਾਇਕ ਪ੍ਰੋਫ਼ੈਸਰ ਰਾਜਨੀਤੀ ਸ਼ਾਸਤਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਸੈਮੀਨਾਰ ਦੇ ਵਿਸ਼ੇ ਦੇ ਸੰਦਰਭ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਪ੍ਰੋਫ਼ੈਸਰ ਰਮਨਦੀਪ ਕੌਰ ਪੰਜਾਬੀ ਵਿਭਾਗ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇੰਜੀ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿੰਨਾਂ ਦੇ ਦਿਸ਼ਾ- ਨਿਰਦੇਸ਼ ਹੇਠ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਉਹਨਾਂ ਨੇ ਸੈਮੀਨਾਰ ਦੇ ਕੋਆਰਡੀਨੇਟਰ ਡਾ. ਆਤਮਾ ਸਿੰਘ ਨੂੰ ਸੈਮੀਨਾਰ ਦੀ ਸਫਲਤਾਪੂਰਵਕ ਸੰਪੰਨਤਾ ਤੇ ਵਧਾਈ ਦਿੱਤੀ। ਇਸ ਮੌਕੇ ਡਾ. ਕੁਲਵਿੰਦਰ ਸਿੰਘ ਪ੍ਰਿੰਸੀਪਲ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ, ਡਾ. ਰੁਪਿੰਦਰ ਸਿੰਘ ਪ੍ਰਿੰਸੀਪਲ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ, ਡਾ. ਚਰਨਜੀਤ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਬਟਾਲਾ, ਡਾ. ਹਰਮਨਦੀਪ ਸਿੰਘ ਪ੍ਰਿੰਸੀਪਲ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ, ਡਾ. ਹਿੰਮਤ ਸਿੰਘ ਸਹਾਇਕ ਪ੍ਰੋਫ਼ੈਸਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ, ਸ੍ਰ. ਗੁਰਬਿੰਦਰ ਸਿੰਘ ਮੀਤ ਮੈਨੇਜਰ ਗੁਰਦੁਆਰਾ ਬਾਰਠ ਸਾਹਿਬ ਉਚੇਚੇ ਤੌਰ ਤੇ ਹਾਜ਼ਰ ਸਨ। ਸੈਮੀਨਾਰ ਦੀ ਸੰਪੰਨਤਾ ਤੇ ਕਾਲਜ ਪਹੁੰਚੇ ਮਹਿਮਾਨ ਵਿਦਵਾਨ ਸਾਹਿਬਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਇਥੇ ਜ਼ਿਕਰਯੋਗ ਹੈ ਕਿ ਕਾਲਜ ਵਿੱਚ ਮਿਤੀ 1 ਨਵੰਬਰ ਤੋਂ 7 ਨਵੰਬਰ 2025 ਤੱਕ ਪੰਜਾਬੀ ਹਫ਼ਤਾ ਮਨਾਇਆ ਜਾਵੇਗਾ ਜਿਸ ਦਾ ਆਰੰਭ ਅੰਤਰਰਾਸ਼ਟਰੀ ਸੈਮੀਨਾਰ ਕਰਵਾ ਕੇ ਕੀਤਾ ਗਿਆ। ਪੰਜਾਬੀ ਹਫ਼ਤਾ ਮਨਾਉਣ ਦਾ ਉਦੇਸ਼ ਜਿੱਥੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ ਉਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਬਾਣੀ ਅਤੇ ਸ਼ਹਾਦਤ ਦੇ ਸੰਦਰਭ ਵਿੱਚ ਮਨੁੱਖਤਾ ਲਈ ਉਹਨਾਂ ਦੇ ਵਡਮੁੱਲੇ ਯੋਗਦਾਨ ਤੋਂ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨਾ ਹੈ।
