ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਚਲਾ ਬਲੱਡ ਬੈਂਕ ਬੰਦ ਹੋਣ ਦੀ ਨੌਬਤ ਨਹੀਂ ਆਵੇਗੀ : ਸਪੀਕਰ ਸੰਧਵਾਂ
ਸਪੀਕਰ ਸੰਧਵਾਂ ਵਲੋਂ ਬਲੱਡ ਬੈਂਕ ’ਚ ਬੀ.ਟੀ.ਓ. ਦੀ ਤੁਰਤ ਤਾਇਨਾਤੀ ਦੀ ਹਦਾਇਤ!
ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਚਲਾ ਬਲੱਡ ਬੈਂਕ ਕਦੇ ਵੀ ਬੰਦ ਨਹੀਂ ਹੋਵੇਗਾ, ਨਾ ਕਿਸੇ ਨੂੰ ਮੁਸ਼ਕਿਲ ਆਉਣ ਦਿੱਤੀ ਜਾਵੇਗੀ ਤੇ ਨਾ ਹੀ ਮਰਨ ਵਰਤ ਰੱਖਣ ਦੀ ਨੌਬਤ ਆਵੇਗੀ। ਉੱਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਵਾਲੇ ਵਫਦ ਤੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੀ.ਬੀ.ਜੀ. ਵੈਲਫੇਅਰ ਕਲੱਬ ਨੇ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਜੋ ਸੇਵਾਵਾਂ ਨਿਭਾਈਆਂ ਹਨ, ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿਕਰਯੋਗ ਹੈ ਕਿ ਕੋਟਕਪੂਰੇ ਵਾਲਾ ਬਲੱਡ ਬੈਂਕ ਬੰਦ ਹੋਣ ਦੀ ਸੂਰਤ ਵਿੱਚ ਰਾਜੀਵ ਮਲਿਕ ਦੀ ਅਗਵਾਈ ਵਾਲੇ ਵਫਦ ਨੇ ਸਿਵਲ ਹਸਪਤਾਲ ਦੇ ਮੂਹਰੇ ਮਰਨ ਵਰਤ ’ਤੇ ਬੈਠਣ ਦਾ ਫੈਸਲਾ ਕਰ ਲਿਆ ਸੀ, ਜਿਸ ਪ੍ਰਤੀ ਸਪੀਕਰ ਸੰਧਵਾਂ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਤਰਾਂ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ। ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਕਲੱਬ ਦੇ ਪ੍ਰਧਾਨ ਤੋਂ ਇਲਾਵਾ ਬਲਜੀਤ ਸਿੰਘ ਖੀਵਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਨਰਿੰਦਰ ਬੈੜ, ਗੌਰਵ ਗਲਹੋਤਰਾ, ਉਦੇ ਰੰਦੇਵ, ਅਮਨ ਗੁਲਾਟੀ, ਰਵੀ ਅਰੋੜਾ, ਗੁਰਪ੍ਰੀਤ ਸਿੰਘ ਆਦਿ ਅਹੁਦੇਦਾਰਾਂ ਨੇ ਸਪੀਕਰ ਸੰਧਵਾਂ ਨੂੰ ਦੱਸਿਆ ਕਿ ਖੂਨਦਾਨ ਦੇ ਮਾਮਲੇ ਵਿੱਚ ਪੀਬੀਜੀ ਵੈਲਫੇਅਰ ਕਲੱਬ ਕੋਲ ਇਲਾਕੇ ਦੇ ਪੰਜਾਬ ਭਰ ਤੋਂ ਜਿਆਦਾ ਡੋਨਰ (ਦਾਨੀ ਸੱਜਣ) ਹਨ, ਜੋ ਲੋੜ ਪੈਣ ’ਤੇ ਕਿਸੇ ਦੀ ਜਾਨ ਬਚਾਉਣ ਲਈ 24 ਘੰਟੇ ਤਤਪਰ ਰਹਿੰਦੇ ਹਨ। ਸਪੀਕਰ ਸੰਧਵਾਂ ਨੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਨਾਲ ਫੋਨ ’ਤੇ ਗੱਲਬਾਤ ਕਰਕੇ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਬਲੱਡ ਬੈਂਕ ਵਿੱਚ ਤੁਰਤ ਬੀ.ਟੀ.ਓ. ਦੀ ਤਾਇਨਤੀ ਕਰਨ ਦੀ ਹਦਾਇਤ ਕੀਤੀ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਚਲਾ ਬਲੱਡ ਬੈਂਕ ਕਿਸੇ ਕੀਮਤ ’ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ।