ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਭਰਵਾਂ ਸਵਾਗਤ
ਕਿਹਾ, ਖੇਡਾਂ ਨੂੰ ਅਨਿੱਖੜਵਾਂ ਅੰਗ ਬਣਾਉਣ ਦਾ ਇਹ ਅਹਿਮ ਉਪਰਾਲਾ
ਫਰੀਦਕੋਟ, 28 ਅਗਸਤ (ਵਰਲਡ ਪੰਜਾਬੀ ਟਾਈਮਜ਼)
ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਕਿਸੇ ਵੀ ਖੇਡ ਨਾਲ ਸਾਡੇ ਸਰੀਰ ਨੂੰ ਖੁਸ਼ ਕਰ ਦੇਣ ਵਾਲੀ ਥਕਾਵਟ ਪੈਦਾ ਹੁੰਦੀ ਹੈ। ਇਸ ਨਾਲ ਜਿੱਥੇ ਨੋਜਵਾਨਾਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਦੂਰ ਰੱਖਿਆ ਜਾ ਸਕਦਾ ਹੈ, ਉੱਥੇ ਨਾਲ ਹੀ ਅੱਜ ਦੇ ਯੂ-ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਜਮਾਨੇ ਵਿੱਚ ਬੱਚਿਆਂ ਨੂੰ ਮੋਬਾਇਲ ਦੀ ਬੁਰੀ ਲੱਤ ਤੋਂ ਵੀ ਕਾਫ ਹੱਦ ਤੱਕ ਬਚਾਇਆ ਜਾ ਸਕਦਾ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਸਰੇ ਚਰਨ ਤਹਿਤ ਫਰੀਦਕੋਟ ਵਿਖੇ ਰਿਲੇਅ ਟਾਰਚ ਦਾ ਭਰਵਾਂ ਸਵਾਗਤ ਕਰਦਿਆਂ ਕੀਤਾ।ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਇਨਾਂ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਇਨਾਂ ਖੇਡਾਂ ਦਾ ਅਹਿਮ ਯੋਗਦਾਨ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਪੈਰਿਸ ਓਲੰਪਿਕਸ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਨੋਜਵਾਨਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਖੇਡਾਂ ਵਿੱਚ ਮੱਲਾਂ ਮਾਰੀਆਂ। ਉਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਵਾਲੇ ਬੱਚੇ ਬੱਚੀਆਂ ਅਤੇ ਨੋਜਵਾਨਾਂ ਨੂੰ ਵਿਸ਼ਵ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਣ ਮਿਲਦਾ ਹੈ। ਸਪੀਕਰ ਵਿਧਾਨ ਸਭਾ ਤੋਂ ਇਲਾਵਾ ਇਸ ਰਿਲੇਅ ਟਾਰਚ ਦਾ ਹਰ ਆਮ ਅਤੇ ਖਾਸ ਤੋਂ ਇਲਾਵਾ ਚੇਅਰਮੈਨ ਜਿਲਾ ਯੋਜਨਾ ਬੋਰਡ ਸੁਖਜੀਤ ਸਿੰਘ ਢਿੱਲਵਾਂ ਨੇ ਵੀ ਆਪਣੇ ਪਿੰਡ ਢਿੱਲਵਾਂ ਵਿਖੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਹਾਜ਼ਰੀ ਵਿੱਚ ਸਵਾਗਤ ਕੀਤਾ। ਉਨਾਂ ਕਿਹਾ ਕਿ ਇਹ ਮਸ਼ਾਲ ਬੱਚਿਆ ਵਿੱਚ ਖੇਡਾਂ ਪ੍ਰਤੀ ਰੁਚੀ ਵਧਾਉਣ ਲਈ ਮਿਸਾਲ ਬਣ ਰਹੀ ਹੈ। ਖੇਡ ਵਿਭਾਗ ਦੇ ਨੁੰਮਾਇੰਦਿਆਂ, ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਅਤੇ ਵੱਖ ਵੱਖ ਵਿਭਾਗ ਦੇ ਨੁੰਮਾਇਦਿਆਂ ਵੱਲੋਂ ਇਸ ਰਿਲੇਅ ਟਾਰਚ ਦਾ ਸਵਾਗਤ ਕਰਕੇ, ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦੇ ਹੋਏ ਨਹਿਰੂ ਸਟੇਡੀਅਮ ਵਿਖੇ ਇੱਕ ਪ੍ਰੋਗਰਾਮ ਉਪਰੰਤ ਇਸ ਨੂੰ ਜਿਲਾ ਫਾਜਿਲਕਾ ਦੇ ਨੁੰਮਾਇੰਦਿਆਂ ਨੂੰ ਦੇ ਦਿੱਤਾ ਗਿਆ। ਖੇਡ ਵਿਭਾਗ ਦੇ ਨੁੰਮਾਇੰਦਿਆਂ ਨੇ ਦੱਸਿਆ ਕਿ ਇਸ ਮਿਸ਼ਾਲ ਦਾ ਮੁੱਖ ਮਕਸਦ ਹਰ ਵਰਗ ਦੇ ਲੋਕਾਂ ਵਿੱਚ ਖੇਡਾਂ ਦਾ ਜਜ਼ਬਾ ਪੈਦਾ ਕਰਨਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ।