ਰਾਜ ਪੱਧਰੀ ਖੇਡਾਂ ਦੇ ਅੱਜ ਪੰਜਵੇਂ ਦਿਨ ਆਰ.ਟੀ.ਆਈ ਕਮਿਸ਼ਨਰ ਨੇ ਕੀਤੀ ਸ਼ਿਰਕਤ
ਫਰੀਦਕੋਟ , 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਰਾਜ ਪੱਧਰ ਖੇਡਾਂ-2024 (ਲੜਕੇ ਅਤੇ ਲੜਕੀਆਂ) ਬਾਸਕਿਟਬਾਲ ਅਤੇ ਤਾਈਕਵਾਂਡੋ ਖੇਡਾਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਅਤੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਫਰੀਦਕੋਟ ਵਿੱਚ ਕਰਵਾਈਆ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ’ ਬਾਸਕਿਟਬਾਲ ਅਤੇ ਤਾਈਕਵਾਂਡੋ ਗੇਮ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਖੇਡਾਂ ਦੇ ਅੱਜ ਪੰਜਵੇਂ ਦਿਨ ਮੌਕੇ ਸੰਦੀਪ ਸਿੰਘ ਧਾਲੀਵਾਲ ਆਰ.ਟੀ.ਆਈ. ਕਮਿਸ਼ਨਰ ਫਰੀਦਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੌਕੇ ਸੰਦੀਪ ਸਿੰਘ ਧਾਲੀਵਾਲ ਨੇ ਖਿਡਾਰੀਆ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਖਿਡਾਰੀ ਹੋਰ ਮਿਹਨਤ ਕਰਕੇ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਦਰਸ਼ਨਪਾਲ ਸ਼ਰਮਾ ਹੈਂਡਬਾਲ ਕੋਚ ਫਰੀਦਕੋਟ ਨੇ ਮੰਚ-ਸੰਚਾਲਕ ਦੀ ਭੂਮਿਕਾ ਨਿਭਾਈ। ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਅਤੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਈਆ ਜਾ ਰਹੀਆਂ ਹਨ। ਅੱਜ ਹੋਈਆਂ ਖੇਡਾ ਦੇ ਮੁਕਾਬਲਿਆਂ ਵਿੱਚ ਗੇਮ ਬਾਸਕਿਟਬਾਲ ’ਚ ਅੰਡਰ-21 (ਲੜਕਿਆਂ) ਦੇ ਫਾਈਨਲ ਮੁਕਾਬਲਿਆ ਵਿੱਚ ਲੁਧਿਆਣਾ ਨੇ ਪਹਿਲੇ ਸਥਾਨ, ਜਲੰਧਰ ਨੇ ਦੂਸਰਾ ਸਥਾਨ ਅਤੇ ਪਟਿਆਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਵੱਖ-ਵੱਖ ਜਿਲ੍ਹਿਆ ਦੇ ਕੋਚਿਜ, ਦਫਤਰੀ ਸਟਾਫ, ਸਿੱਖਿਆ ਵਿਭਾਗ ਤੋਂ ਆਏ ਵੱਖ-ਵੱਖ ਸਕੂਲਾ ਦੇ ਡੀ.ਪੀ.ਈ/ਪੀ.ਟੀ.ਆਈ ਟੀਚਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।