ਫ਼ਰੀਦਕੋਟ, 25 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਅਰਾਈਆਂਵਾਲਾ ਕਲਾਂ ਵਿੱਚ ਬੀਤੀ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਕਿਸਾਨ ਨੂੰ ਆਪਣੇ ਖੇਤ ਵਿੱਚ ਮਸ਼ੀਨ ਨਾਲ ਫਸਲ ਕੱਟਦੇ ਸਮੇਂ ਬੰਬ ਵਰਗੀ ਵਸਤੂ ਦਿਸੀ। ਖੇਤ ਦੇ ਮਾਲਕ ਨੇ ਤੁਰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸ.ਐੱਚ.ਓ. ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜਾਂਚ ਆਰੰਭ ਦਿੱਤੀ। ਪੁਲਿਸ ਨੇ ਫੌਜ਼ੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਖੇਤ ਵਿੱਚ ਮਿਲੀ ਵਸਤੂ ਧੂੰਏਂ ਲਈ ਵਰਤਣਯੋਗ ਸੈੱਲ ਹੈ, ਜਿਸ ਦੀ ਵਰਤੋਂ ਅਕਸਰ ਫੌਜ਼ੀਆਂ ਵੱਲੋਂ ਕੀਤੀ ਜਾਂਦੀ ਹੈ। ਇਹ ਵਸਤੂ ਪਿੰਡ ਦੇ ਖੇਤ ’ਚ ਕਿਵੇਂ ਪੁੱਜੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਥਾਣਾ ਸਦਰ ਫ਼ਰੀਦਕੋਟ ਦੇ ਐਸ.ਐਚ.ਓ. ਰਾਜੇਸ਼ ਕੁਮਾਰ ਮੁਤਾਬਿਕ ਵਸਤੂ ਮਿਲਣ ਤੋਂ ਬਾਅਦ ਕਾਫੀ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਜਦੋਂ ਫੌਜ਼ੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਬੰਬ ਨਹੀਂ, ਬਲਕਿ ਧੂੰਏਂ ਵਾਲਾ ਸੈੱਲ ਹੈ ਤਾਂ ਭੈਅ ਦਾ ਮਾਹੌਲ ਕੁਝ ਕੁ ਘਟਿਆ। ਉਂਝ ਉਹਨਾ ਦੱਸਿਆ ਕਿ ਫੌਜ਼ੀ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਆ ਕੇ ਜਾਂਚ ਕਰਨ ਉਪਰੰਤ ਸਾਰੀ ਰਿਪੋਰਟ ਦੇਵੇਗੀ। ਉੱਧਰ ਖੇਤ ਦੇ ਮਾਲਕ ਕਰਮ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਖੇਤ ’ਚ ਕਣਕ ਵੱਢ ਰਿਹਾ ਸੀ ਕਿ ਅਚਾਨਕ ਕੰਬਾਈਨ ਦੇ ਹੇਠਾਂ ਕੋਈ ਭਾਰੀ ਵਸਤੂ ਆ ਗਈ, ਜਿਸ ਤੋਂ ਬਾਅਦ ਪਤਾ ਲੱਗਾ ਕਿ ਕੋਈ ਪੱਥਰ ਜਾਂ ਇੱਟ ਹੋ ਸਕਦੀ ਹੈ ਪਰ ਜਦੋਂ ਬੰਬ ਵਰਗੀ ਵਸਤੂ ਦਿਖਾਈ ਦਿੱਤੀ ਤਾਂ ਡਰ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਸੀ।