ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲ੍ਹਾ ਫ਼ਰੀਦਕੋਟ ਦੇ ਐਸ.ਪੀ. ਸਮੇਤ ਤਿੰਨ ਪੁਲਿਸ ਕਰਮਚਾਰੀਆਂ ਦੀ ਮੁੱਖ ਮੰਤਰੀ ਤਗਮਾ (ਮੈਡਲ) ਲਈ ਸ਼ਾਨਦਾਰ ਸੇਵਾਵਾਂ ਬਦਲੇ ਚੋਣ ਕੀਤੀ ਗਈ ਹੈ। ਜਿੰਨਾ ਵਿੱਚ ਮਨਵਿੰਦਰਬੀਰ ਸਿੰਘ ਐਸ ਪੀ ਹੈਡ ਕੁਆਟਰ ਫਰੀਦਕੋਟ ਸਮੇਤ ਪੀਸੀਆਰ ਦੇ ਸੀਨੀਅਰ ਕਾਂਸਟੇਬਲ ਧਰਮਪਾਲ ਅਤੇ ਟਰੈਫਿਕ ਵਿੰਗ ਵਿੱਚ ਸਰਗਰਮ ਔਰਤ ਕਾਂਸਟੇਬਲ ਅਨੂ ਬਾਲਾ ਦੇ ਨਾਮ ਸ਼ਾਮਲ ਹਨ। ਜਿਕਰਯੋਗ ਹੈ ਕਿ 26 ਜਨਵਰੀ ਨੂੰ ਹੁਸ਼ਿਆਰਪੁਰ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਉਕਤਾਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਲਈ ਇਹ ਅਤਿਅੰਤ ਮਾਣ ਅਤੇ ਗਰਵ ਦਾ ਸਮਾ ਹੈ ਕਿ ਜਿਲੇ ਨੂੰ ਮੁੱਖ ਮੰਤਰੀ ਮੈਡਲ ਦੇ ਰੂਪ ਵਿੱਚ ਵੱਡੀ ਉਪਲਬਧੀ ਹਾਸਲ ਹੋਈ ਹੈ। ਦਰਅਸਲ ਸੂਬੇ ਭਰ ਵਿੱਚ ਫਰੀਦਕੋਟ ਇਕ ਮਾਤਰ ਅਜਿਹਾ ਜਿਲਾ ਹੈ, ਜਿਸ ਨੂੰ ਇੱਕੋ ਵਾਰ ਤਿੰਨ ਮੁੱਖ ਮੰਤਰੀ ਮੈਡਲ ਪ੍ਰਾਪਤ ਹੋਏ ਹਨ। ਐਸਐਸਪੀ ਡਾ ਪ੍ਰਗਿਆ ਜੈਨ ਨੇ ਦਾਅਵਾ ਕੀਤਾ ਕਿ ਇਹ ਸਨਮਾਨ ਫਰੀਦਕੋਟ ਪੁਲਿਸ ਦੇ ਕਰਮਚਾਰੀਆਂ ਦੀ ਇਮਾਨਦਾਰੀ ਅਤੇ ਸਮਰਪਨ ਭਾਵਨਾ ਦਾ ਨਤੀਜਾ ਹੈ। ਡਾ ਪ੍ਰਗਿਆ ਜੈਨ ਨੇ ਆਖਿਆ ਕਿ ਉਕਤ ਟੀਮ ਵਰਕ ਅਤੇ ਅਨੁਸ਼ਾਸ਼ਿਤ ਕਾਰਜ ਪ੍ਰਣਾਲੀ ਦਾ ਨਤੀਜਾ ਹੈ, ਕਿਉਂਕਿ ਇਸ ਉਪਲਬਧੀ ਤੋਂ ਹੋਰ ਪੁਲਿਸ ਕਰਮਚਾਰੀਆਂ ਨੂੰ ਵੀ ਬਿਹਤਰ ਸੇਵਾਵਾਂ ਦੇਣ ਦੀ ਪ੍ਰੇਰਨਾ ਮਿਲੇਗੀ। ਉਹਨਾਂ ਆਖਿਆ ਕਿ ਪਦਕ ਲਈ ਤਿੰਨਾ ਅਧਿਕਾਰੀਆਂ-ਕਰਮਚਾਰੀਆਂ ਦੀ ਚੋਣ ਨੂੰ ਇਲਾਕਾ ਵਾਸੀ ਵਾਜਬ ਮੰਨਦੇ ਹਨ, ਕਿਉਂਕਿ ਉਕਤ ਅਧਿਕਾਰੀ-ਕਰਮਚਾਰੀ ਨੂੰ ਆਪਣੀ ਡਿਊਟੀ ਨੂੰ ਬੇਹੱਦ ਲਗਨ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਜਾਣਿਆ ਜਾਂਦਾ ਹੈ।
