ਮਹਿਲ ਕਲਾਂ, 8 ਜਨਵਰੀ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ)
ਗਦਰ ਲਹਿਰ ਦੇ ਅਨਮੋਲ ਹੀਰੇ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੱਦੀ ਪਿੰਡ ਵਜੀਦਕੇ ਕਲਾਂ ਦੇ ਵਾਸੀ ਅਜੇ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਪਿੰਡ ਦੀ ਪੰਚਾਇਤ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਾਂਅ ਭੇਜੇ ਗਏ ਮੰਗ ਪੱਤਰ ਵਿੱਚ ਲਿਖਿਆ ਗਿਆ ਕਿ ਇਹ ਪਿੰਡ ਨੂੰ ਗਦਰੀ ਸੂਰਬੀਰ ਸ਼ਹੀਦ ਰਹਿਮਤ ਅਲੀ ਦੀ ਜਨਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ । ਆਜ਼ਾਦੀ ਤੋਂ ਲੰਬਾ ਸਮਾਂ ਬੀਤ ਜਾਣ ਦੇ ਬਾਵਜ਼ੂਦ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਥੋਂ ਦੇ ਵਸਨੀਕ ਲਈ ਮੁੱਢਲੀਆਂ ਸਹੂਲਤਾਂ ਦਾ ਅੱਜ ਤੱਕ ਵੀ ਪ੍ਰਬੰਧ ਨਹੀਂ ਕੀਤਾਂ। ਧਿੰਡ ਦੇ ਸਰਪੰਚ ਸੁਖਵੀਰ ਕੌਰ, ਪੰਚ ਜਗਰਾਜ ਸਿੰਘ, ਪੰਚ ਕੁਲਵਿੰਦਰ ਕੌਰ, ਅਮਰਜੀਤ ਸਿੰਘ ਸਾਬਕਾ ਪੰਚ, ਨਰਿੰਦਰ ਸਿੰਘ ਪੰਚ ਆਦਿ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਪਿੰਡ ਦੇ ਗੰਦੇ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਰਕੇ ਗੰਦਾ ਪਾਣੀ ਰਸਤਿਆਂ ਵਿੱਚ ਹੀ ਛੱਪੜ ਦਾ ਰੂਪ ਧਾਰਨ ਕਰਨ ਉਪਰੰਤ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਇਸ ਰਸਤੇ ਉਪਰ ਪ੍ਰਾਇਮਰੀ ਸਕੂਲ, ਪੀ ਐਨ ਬੀ ਬੈਂਕ, ਗੁਰਦੁਆਰਾ ਸਾਹਿਬ ਆਉਂਦੇ ਹਨ। ਪਰ ਅਫਸੋਸ ਕਿ ਰਸਤੇ ਵਿੱਚ ਹਰ ਵੇਲੇ ਗੰਦਾ ਪਾਣੀ ਖੜਾ ਰਹਿਣ ਕਰਕੇ ਆਮ ਲੋਕਾਂ, ਖਾਸ ਸਕੂਲ ਜਾਣ ਵੇਲੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਮੁਹਤਬਰਾਂ ਦਾ ਕਹਿਣਾ ਕਿ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਕਈ ਵਾਰ ਹਲਕੇ ਦੇ ਆਗੂਆਂ, ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਤੀ ਤੌਰ ਤੇ ਜਾਣੂੰ ਕਰਵਾ ਚੁਕੇ ਹਨ ਪਰ ਕਿਸੇ ਨੇ ਵੀ ਪਿੰਡ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਵਲ ਧਿਆਨ ਦੇਣ ਦੀ ਲੋੜ ਮਹਿਸੂਸ ਨਹੀ ਕੀਤੀ। ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ, ਸ਼ਹੀਦ ਰਹਿਮਤ ਅਲੀ ਵਜੀਦਕੇ ਮੈਮੋਰੀਅਲ ਕਲੱਬ, ਗੁਰਦੁਆਰਾ ਸਾਹਿਬ ਕਮੇਟੀ, ਵੱਖ-ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪਾਸੋਂ ਪਿੰਡ ਵਾਸੀਆਂ ਦੀਆਂ ਭਖਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਹੱਲ ਕਰਾਉਣ ਦੀ ਮੰਗ ਕੀਤੀ ਹੈ।
