15 ਰੋਜਾ ਸਮਰ ਕੈਂਪ ਦੌਰਾਨ ਹੋਣਗੀਆਂ ਵੱਖ ਵੱਖ ਗਤੀਵਿਧੀਆਂ : ਜਗਮੋਹਨ ਸਿੰਘ
ਕੋਟਕਪੂਰਾ, 7 ਜੂਨ (ਟਿੰਕੂ ਕੁਮਾਰ /ਵਰਲਡ ਪੰਜਾਬੀ ਟਾਈਮਜ਼)
‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ ਵਲੋਂ 15 ਰੋਜਾ ਗਿਆਨ ਅੰਜਨੁ ਸਮਰ ਕੈਂਪ ਦੀ ਸ਼ੁਰੂਆਤ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜੋਨਲ ਦਫਤਰ ਵਿਖੇ ਭਾਈ ਅਮਰਜੀਤ ਸਿੰਘ ਵਲੋਂ ਗੁਰਬਾਣੀ ਕੀਰਤਨ ਨਾਲ ਕੀਤੀ ਗਈ। ਨਿਸ਼ਾਨ ਸਾਹਿਬ ਨੂੰ ਗਾਰਡ ਆਫ ਆਨਰ ਦਿੰਦਿਆਂ ਚੜਦੀਕਲਾ ਵਾਲੇ ਜੈਕਾਰਿਆਂ ਨਾਲ ਸ਼ੁਰੂਆਤ ਕਰਨ ਮੌਕੇ ਡਾ. ਅਵੀਨਿੰਦਰਪਾਲ ਸਿੰਘ ਅਤੇ ਮਾ. ਜਗਮੋਹਨ ਸਿੰਘ ਨੇ ਦੱਸਿਆ ਕਿ ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ ਵਲੋਂ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜਰ ਹਰ ਸਾਲ 1 ਜੂਨ ਨੂੰ ਸ਼ੁਰੂ ਹੋਣ ਵਾਲਾ ‘ਗਿਆਨ ਅੰਜਨੁ ਸਮਰ’ ਕੈਂਪ ਇਸ ਵਾਰ ਲੋਕ ਸਭਾ ਚੋਣਾ ਦੀ ਪ੍ਰਕਿਰਿਆ ਦੇ ਚੱਲਦਿਆਂ 5 ਜੂਨ ਤੋਂ 20 ਜੂਨ ਤੱਕ ਲਾਇਆ ਜਾ ਰਿਹਾ ਹੈ। ਜਥੇਬੰਦੀ ਦੇ ਆਗੂਆਂ ਡਾ. ਤਰਨਜੀਤ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ ਜੋਨਲ ਦਫਤਰ ਤੋਂ ਇਲਾਵਾ ਨੇੜਲੇ ਸਕੂਲਾਂ ਦੇ ਕਲਾਸ ਰੂਮਾਂ ਵਿੱਚ ਰੋਜਾਨਾ ਸ਼ਾਮ 5:30 ਵਜੇ ਤੋਂ 7:00 ਵਜੇ ਤੱਕ ਉਮਰ ਦੇ ਹਿਸਾਬ ਨਾਲ ਬੱਚਿਆਂ ਅਤੇ ਨੌਜਵਾਨਾ ਦੀਆਂ ਕਲਾਸਾਂ ਲੱਗਣਗੀਆਂ। ਉਹਨਾ ਦੱਸਿਆ ਕਿ 15 ਰੋਜਾ ‘ਗਿਆਨ ਅੰਜਨੁ ਸਮਰ’ ਕੈਂਪ ਦੌਰਾਨ ਨੈਤਿਕਤਾ ਦੀਆਂ ਤਕਰੀਰਾਂ ਤੋਂ ਇਲਾਵਾ ਮਲਟੀ ਮੀਡੀਆ ਸ਼ੈਸ਼ਨ, ਲਾਈਫ ਸਕਿੱਲ, ਡਿਸਕਸ਼ਨਜ਼ ਮੁਕਾਬਲੇ, ਸ਼ਖਸ਼ੀਅਤ ਉਸਾਰੀ, ਵਿਰਾਸਤੀ ਤੰਬੋਲਾ, ਇਤਿਹਾਸਕ ਸਥਾਨਾ ਦਾ ਟੂਰ ਸਮੇਤ ਅਨੇਕਾਂ ਐਕਟੀਵਿਟੀਜ਼ ਨਾਲ ਜੋੜਿਆ ਜਾਵੇਗਾ। ਉਹਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ, ਇਸ ‘ਗਿਆਨ ਅੰਜਨੁ ਸਮਰ’ ਕੈਂਪ ਵਿੱਚ ਸਕੂਲ, ਕਾਲਜ, ਯੂਨੀਵਰਸਿਟੀ ਦੇ ਵਿਦਿਆਰਥੀ/ਵਿਦਿਆਰਥਣਾ ਹਿੱਸਾ ਲੈ ਸਕਦੇ ਹਨ। ਰੋਜਾਨਾ ਸ਼ਾਮ ਨੂੰ ਹਾਜਰੀਨ ਲਈ ਬਕਾਇਦਾ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਆਪਣੇ ਸੰਬੋਧਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਜਥੇਬੰਦੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।