ਚੰਡੀਗੜ੍ਹ 6 ਅਗਸਤ (ਅੰਜੂ ਅਮਨਦੀਪ ਗਰੋਵਰ/ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨ ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਪ੍ਰਸਿੱਧ ਗੀਤਕਾਰ ਧਿਆਨ ਸਿੰਘ ਕਾਹਲੋਂ ਦੀ ਪੁਸਤਕ ‘ਟੁੰਬਵੇਂ ਬੋਲ’ ਦਾ ਲੋਕ ਅਰਪਣ ਤੇ ਸਨਮਾਨ ਸਮਾਗਮ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਭਗਤ ਰਾਮ ਰੰਗਾੜਾ, ਪ੍ਰਧਾਨ ਮੰਚ ਨੇ ਕੀਤੀ ਜਦ ਕਿ ਪ੍ਰਸਿੱਧ ਸਾਹਿਤਕਾਰ ਡਾ. ਲਾਭ ਸਿੰਘ ਖੀਵਾ ਬਤੌਰ ਮੁੱਖ ਮਹਿਮਾਨ ਅਤੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਖਚਾ-ਖੱਚ ਭਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਵਿੱਚ ਪੁਸਤਕ ਦੇ ਲੋਕ ਅਰਪਣ ਉਪਰੰਤ ਧਿਆਨ ਸਿੰਘ ਕਾਹਲੋਂ ਦਾ ਲੋਈ, ਮੋਮੈਂਟੋ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨਾਲ ਦੀ ਨਾਲ ਪੁਸਤਕ ਦੇ ਲੇਖਕ ਕਾਹਲੋਂ ਦੀ ਨੂੰਹ-ਰਾਣੀ ਬੀਬੀ ਲਖਵਿੰਦਰ ਕੌਰ (ਸੁਪਤਨੀ ਸੁਖਵੰਤ ਸਿੰਘ ਕਾਹਲੋਂ) ਜੋ ਅੱਜ-ਕੱਲ੍ਹ ਕੈਪੇ ਬਰੇਟੋਨ ਯੂਨੀਵਰਸਿਟੀ ਕੈਨੇਡਾ ਵਿਖੇ ਬੀ.ਐਸ.ਸੀ. ਨਰਸਿੰਗ ਉਪਰੰਤ ਮਨੋਵਿਗਿਆਨ ਦੀ ਵਿਦਿਆ ਪ੍ਰਾਪਤ ਕਰ ਰਹੀ ਹੈ ਉਚੇਚੇ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਕਾਹਲੋਂ ਪਰਿਵਾਰ ਵੱਲੋਂ ਆਪਣੇ ਉਚੇਰੀ ਵਿਦਿਆ ਦੇ ਸਹਿਯੋਗ ਲਈ ਤੇ ਆਪਣੇ ਜੀਵਨ ਦੇ ਤਜ਼ਰਬਿਆਂ ਬਾਰੇ ਚਾਨਣਾ ਪਾਇਆ ਤੇ ਕਿਹਾ ਕਿ ਇਨਸਾਨ ਹਿੰਮਤ ਨਾਲ ਹੀ ਅੱਗੇ ਵੱਧ ਸਕਦਾ ਹੈ। ਬੀਬੀ ਲਖਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਮੰਚ ਵੱਲੋਂ ਫੁੱਲਕਾਰੀ, ਮੋਮੈਂਟੋ ਅਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖ਼ੂਬੀ ਕੀਤਾ ਗਿਆ। ਇਹ ਸਮਾਗਮ ਸਦਾ ਲਈ ਆਪਣੀਆਂ ਅਮਿੱਟ ਪੈੜ੍ਹਾਂ ਛੱਡ ਗਿਆ।