

ਲੁਧਿਆਣਾ 4 ਨਵੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਲੁਧਿਆਣਾ ਦੀ ਗੁਰਮਤਿ ਸਭਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਕਾਵਿ ਉਚਾਰਨ ਮੁਕਾਬਲੇ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਸਕੂਲਾਂ ਦੇ 27 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਗ਼ਜ਼ਲਗੋ ਡਾ਼ ਗੁਰਚਰਨ ਕੌਰ ਕੋਚਰ, ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੇ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਰਸਮੀ ਤੌਰ ਤੇ ਸਭ ਨੂੰ ਜੀ ਆਇਆ ਕਿਹਾ । ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਕੁਰਬਾਨੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਅਜਿਹੇ ਸ਼ਤਾਬਦੀ ਸਮਾਰੋਹਾਂ ਮੌਕੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਿਆਂ ਨੂੰ ਆਪਣੇ ਵਿਰਸੇ ਤੇ ਧਰਮ ਨਾਲ ਜੋੜਿਆ ਜਾਵੇ। ਡਾ. ਗੁਰਚਰਨ ਕੌਰ ਕੋਚਰ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਜਿਨਾਂ ਨੂੰ ਆਪਣੇ ਮਹਾਨ ਪੁਰਖਿਆਂ ਦੇ ਅਜਿਹੇ ਸਮਾਗਮ ਕਰਨ, ਕਰਵਾਉਣ ਦਾ ਅਵਸਰ ਮਿਲਿਆ ਹੈ। ਉਹਨਾਂ ਨੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ, ਉਨਾਂ ਦੀ ਗੁਰਬਾਣੀ, ਵਿਚਾਰਧਾਰਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਜੋਕੇ ਸਮੇਂ ਸਾਡੇ ਸਮਾਜ ਵਿੱਚ ਅਨੇਕਾਂ ਅਲਾਮਤਾਂ ਹਨ ਜਿਨ੍ਹਾਂ ਤੋਂ ਅਸੀਂ ਆਪਣੇ ਇਤਿਹਾਸ, ਗੁਰਬਾਣੀ ਤੇ ਮਾਂ ਬੋਲੀ ਨਾਲ ਜੁੜ ਕੇ ਛੁਟਕਾਰਾ ਪਾ ਸਕਦੇ ਹਾਂ। ਇਸ ਉਪਰੰਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕਵਿਤਾਵਾਂ ਦਾ ਉਚਾਰਨ ਕਰਕੇ ਗੁਰੂ ਸਾਹਿਬ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ ।
ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਕੁਲਮੀਤ ਕੌਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਗੁੱਜਰਖਾਨ ਕੈਂਪਸ ਦੂਜਾ ਸਥਾਨ ਕਰਮਨਜੋਤ ਕੌਰ ਗੁਰੂ ਨਾਨਕ ਮਲਟੀਵਰਿਸਟੀ ਸਕੂਲ, ਤੀਜਾ ਸਥਾਨ ਮਨਸਿਫਤ ਕੌਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਗੁੱਜਰ ਖਾਨ ਕੈਂਪਸ ਨੇ ਹਾਸਿਲ ਕੀਤਾ। ਵਿਸ਼ੇਸ਼ ਇਨਾਮ ਜਪਮਨ ਕੌਰ ਗੁਰੂ ਨਾਨਕ ਦੇਵ ਜੀ ਇੰਸਟੀਚਿਊਟ ਆਫ ਸੁਚੱਜੀ ਫਾਊਂਡੇਸ਼ਨ ਅਤੇ ਸਹਿਜਪ੍ਰੀਤ ਕੌਰ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਵੱਲੋਂ ਪ੍ਰਾਪਤ ਕੀਤਾ ਗਿਆ।
ਗੁਰਮਤਿ ਸਭਾ ਦੇ ਇੰਚਾਰਜ ਪ੍ਰੋ. ਜਸਪ੍ਰੀਤ ਕੌਰ ਨੇ ਅਖੀਰ ਤੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਡਾ. ਅਰਵਿੰਦਰ ਕੌਰ, ਪ੍ਰੋ. ਮੁਨੀਸ਼ਾ, ਡਾ. ਮਨਪ੍ਰੀਤ ਕੌਰ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਸ਼ਮਿੰਦਰਜੀਤ ਕੌਰ, ਡਾ਼ ਦਲੀਪ ਸਿੰਘ, ਇਸ ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਮਨਜੀਤ ਸਿੰਘ, ਡਾ. ਗੁਰਪ੍ਰੀਤ ਕੌਰ, ਪ੍ਰੋ. ਤਲਵਿੰਦਰ ਕੌਰ ਸਮੇਤ ਹੋਰ ਵੀ ਸਟਾਫ ਮੈਂਬਰ ਹਾਜ਼ਰ ਰਹੇ।
