ਸਰੀ, 3 ਜਨਵਰੀ (ਹਰਦਮ ਮਾਨ/ਰਲਡ ਪੰਜਾਬੀ ਟਾਈਮਜ਼)
ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਵੇਂ ਸਾਲ ਦਾ ਸਮਾਗਮ ਸਮੂਹ ਸੰਗਤ ਵੱਲੋਂ ਬੜੇ ਪਿਆਰ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਨਵੇਂ ਸਾਲ ਦੀ ਆਮਦ ਦੀ ਉਡੀਕ ਵਿਚ ਬੁੱਧਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕੀਰਤਨ–ਕਥਾ ਦੇ ਪ੍ਰਵਾਹ ਨਾਲ ਸਮਾਗਮਾਂ ਦੀ ਸ਼ੁਰੂਆਤ ਹੋਈ।
ਇਸ ਮੌਕੇ ਭਾਈ ਇਕਬਾਲ ਸਿੰਘ ਲੁਧਿਆਣੇ ਵਾਲਿਆਂ ਅਤੇ ਭਾਈ ਸਰਬਜੀਤ ਸਿੰਘ ਰਮਦਾਸ ਵਾਲਿਆਂ ਦੇ ਕੀਰਤਨੀ ਜਥਿਆਂ ਵੱਲੋਂ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰਬਾਣੀ ਦੀ ਕਥਾ ਕਰਦੇ ਹੋਏ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਿਆ। ਨਵੇਂ ਸਾਲ 2026 ਦਾ ਜੈਕਾਰਿਆਂ ਦੀ ਗੂੰਜ ਨਾਲ ਸੁਆਗਤ ਕੀਤਾ ਗਿਆ।
ਗਿਆਨੀ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਦਿਆਂ ਸਮੂਹ ਸੰਸਾਰ ਵਿਚ ਅਮਨ-ਸ਼ਾਂਤੀ, ਸਰਬੱਤ ਦੇ ਭਲੇ ਅਤੇ ਪਰਿਵਾਰਾਂ ਦੀ ਸੁਖ-ਸ਼ਾਂਤੀ ਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਨਵੇਂ ਸਾਲ ਦੇ ਦਿਨ ਵੀਰਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਬੇਸ਼ੁਮਾਰ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਸ਼ਰਧਾ ਨਾਲ ਗੁਰਬਾਣੀ ਸਰਵਣ ਕੀਤੀ ਅਤੇ ਨਵੇਂ ਸਾਲ ਦੇ ਮੁੱਢਲੇ ਪਲਾਂ ਨੂੰ ਆਤਮਕ ਤੌਰ ’ਤੇ ਸਫਲ ਬਣਾਇਆ।
ਇਸ ਦੌਰਾਨ ਭਾਈ ਅਮਰੀਕ ਸਿੰਘ ਫੁੱਲ ਦੇ ਕੀਰਤਨੀ ਜਥੇ ਨੇ ਵੀ ਦਰਬਾਰ ਵਿਚ ਹਾਜ਼ਰੀ ਭਰੀ। ਸੇਵਾਦਾਰ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਸੇਵਾਦਾਰ ਬੱਚਿਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨਾਲ ਸਾਂਝ ਪਾਈ ਗਈ। ਸਾਰਾ ਦਿਨ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਬਰੁੱਕਸਾਈਡ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਅਤੇ ਆਪਣੀਆਂ
ਮਨੋਕਾਮਨਾਵਾਂ ਲਈ ਅਰਦਾਸਾਂ ਕੀਤੀਆਂ।ਲੰਗਰ ਦੀ ਸੇਵਾ ਵਿਚ ਵੀ ਸੇਵਾਦਾਰਾਂ ਨੇ ਘੰਟਿਆਂ ਬੱਧੀ ਨਿਸ਼ਕਾਮ ਸੇਵਾ ਕਰਕੇ ਗੁਰੂ ਮਹਾਰਾਜ ਅਤੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
