ਕੋਟਕਪੂਰਾ, 15 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਾਮਵਰ ਵਿੱਦਿਅਕ ਸੰਸਥਾ ਗੁਰੂਕੁਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੱਚਿਆਂ ਵੱਲੋਂ ਧੂਮਧਾਮ, ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਤਿਉਹਾਰ ਪੰਜਾਬੀ ਸੱਭਿਆਚਾਰ ਅਤੇ ਕਿਸਾਨੀ ਜੀਵਨ ਦੀ ਖੁਸ਼ੀ ਨੂੰ ਦਰਸਾਉਂਦਾ ਹੈ। ਸਮਾਰੋਹ ਮੌਕੇ ਛੋਟੇ-ਛੋਟੇ ਬੱਚਿਆਂ ਨੇ ਰੰਗ ਬਰੰਗੇ ਪਹਿਰਾਵੇ ਪਾ ਕੇ ਭੰਗੜਾ, ਗਿੱਧਾ, ਲੋਕ ਨਾਚ ਅਤੇ ਗੀਤਾਂ ਰਾਹੀਂ ਪੂਰੇ ਮਾਹੌਲ ਨੂੰ ਪੰਜਾਬੀ ਰੰਗ ਵਿੱਚ ਰੰਗ ਦਿੱਤਾ। ਵਿਦਿਆਰਥੀਆਂ ਵੱਲੋਂ ਵਿਸਾਖੀ ਦੇ ਇਤਿਹਾਸ ਅਤੇ ਇਸ ਦੀ ਮਹੱਤਤਾ ‘ਤੇ ਆਧਾਰਿਤ ਨਾਟਕ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਜੀ ਨੇ ਆਪਣੇ ਸੰਬੋਧਨ ਵਿੱਚ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹੋ ਜਿਹੇ ਤਿਉਹਾਰ ਬੱਚਿਆਂ ਵਿੱਚ ਸੱਭਿਆਚਾਰਿਕ ਜਾਗਰੂਕਤਾ ਪੈਦਾ ਕਰਦੇ ਹਨ। ਉਹਨਾਂ ਕਿਹਾ ਕਿ ਜਿੱਥੇ ਇਹ ਤਿਉਹਾਰ ਕਣਕ ਦੀ ਵਾਢੀ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ, ਉੱਥੇ ਹੀ ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸਿਕ ਤੌਰ ‘ਤੇ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਧਾਰਮਿਕ ਪਰੰਪਰਾ ਵਿੱਚ ਨਵੀਂ ਲਹਿਰ ਪੈਦਾ ਕਰਨ ਲਈ ਕੁਰਬਾਨੀ ਦਾ ਸੰਦੇਸ਼ ਦਿੰਦੇ ਹੋਏ ਖਾਲਸਾ ਪੰਥ ਦੀ ਸਾਜਨਾ ਕੀਤੀ, ਨਾਲ ਹੀ ਨਾਲ ਉਹਨਾਂ ਨੇ ਇਸ ਦਿਨ ਨੂੰ ਯਾਦ ਕਰਦਿਆਂ ਜਲਿਆਂਵਾਲੇ ਬਾਗ ਵਿੱਚ ਹੋਏ ਹੱਤਿਆਕਾਂਡ ਕਾਰਨ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸਾਰਾਹਨਾ ਕੀਤੀ।ਸਕੂਲ ਦਾ ਮਾਹੌਲ ਖੁਸ਼ੀ ਅਤੇ ਰੌਣਕ ਨਾਲ ਭਰਿਆ ਹੋਇਆ ਦਿਸ ਰਿਹਾ ਸੀ। ਇਹ ਸਮਾਰੋਹ ਨਾ ਕੇਵਲ ਬੱਚਿਆਂ ਲਈ ਮਨੋਰੰਜਨਕ ਰਿਹਾ, ਸਗੋਂ ਉਨ੍ਹਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦਾ ਵੀ ਸਾਧਨ ਬਣਿਆ।
