ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਦਾ ਸਿਹਤ ਸਬੰਧੀ ਮੁਆਇਨਾ ਕਰਨ ਪਹੁੰਚੀ ਮਾਹਰ ਡਾਕਟਰਾਂ ਦੀ ਟੀਮ
ਬੱਚਿਆਂ ਨੂੰ ਸਿਹਤ ਸਬੰਧੀ ਚਿੰਤਾਵਾਂ ਤੋਂ ਦੂਰ ਕਰਨਾ ਚਾਹੁੰਦੇ ਹਾਂ ਤਾਂ ਜੋ ਪੜ੍ਹਾਈ ਵਿੱਚ ਲੈ ਸਕਣ ਦਿਲਚਸਪੀ : ਪ੍ਰਿੰਸੀਪਲ ਧਵਨ ਕੁਮਾਰ
ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿਖ਼ੇ ਮੁਫ਼ਤ ਮੈਡਿਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਕਾਰੀ ਹਸਪਤਾਲ ਮੋਗਾ ਦੇ ਤਜਰਬੇਕਾਰ ਅਤੇ ਮਾਹਰ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ ਵਿਦਿਆਰਥੀ ਮਾਪੇ ਅਤੇ ਅਧਿਆਪਕਾਂ ਦਾ ਸਿਹਤ ਸਬੰਧੀ ਮੁਆਇਨਾ ਕੀਤਾ। ਜਿਸ ਵਿੱਚ ਡਾ. ਗੌਤਮ ਸੋਢੀ, ਡਾ. ਅਜੈ ਕੁਮਾਰ ਅਤੇ ਡਾ. ਸ਼ੁਭਮ ਪਾਲਟਾ ਨੇ ਸਿਹਤ ਸਬੰਧੀ ਬਿਮਾਰੀਆਂ ਦੀ ਜਾਂਚ ਕੀਤੀl ਇਹ ਕੈਂਪ ਸਿਹਤਮੰਦ ਜੀਵਨ ਦੀ ਅਹਿਮੀਅਤ ਬਾਰੇ ਜਾਗਰੂਕਤਾ ਫੈਲਾਉਣ ਅਤੇ ਬੱਚਿਆਂ ਦੀ ਸਿਹਤ ਦੀ ਸੰਭਾਲ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਗਾਇਆ ਗਿਆ। ਇਸ ਕੈਂਪ ਦੌਰਾਨ, ਸਿਹਤ ਵਿਸ਼ੇਸ਼ਗਿਆਨਾਂ ਦੀ ਟੀਮ ਨੇ ਸਕੂਲ ਦੇ ਬੱਚਿਆਂ ਦੀ ਸਿਹਤ ਜਾਂਚ ਕੀਤੀ, ਜਿਸ ਵਿੱਚ ਖੂਨ ਦੀ ਜਾਂਚ, ਦੰਦਾਂ ਦੀ ਜਾਂਚ, ਅੱਖਾਂ ਦੀ ਜਾਂਚ, ਅਤੇ ਸਧਾਰਨ ਸਿਹਤ ਸੰਬੰਧੀ ਪਰਖਾਂ ਸ਼ਾਮਲ ਸਨ। ਇਸ ਨਾਲ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਸਿਹਤ ਸੰਬੰਧੀ ਮਦਦ ਪ੍ਰਦਾਨ ਕੀਤੀ ਗਈ। ਇਸ ਮੌਕੇ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਸਾਂਝੀ ਕਰਦੇ ਹੋਏ ਸਕੂਲ ਮੁਖੀ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਕਿਹਾ ਕਿ ਸਿਹਤਮੰਦ ਵਿਦਿਆਰਥੀ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਰੋਗ ਅਤੇ ਨਰੋਆ ਸਰੀਰ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤੀ ਪ੍ਰਦਾਨ ਕਰਦਾ ਹੈ, ਉੱਥੇ ਹੀ ਦਿਮਾਗੀ ਸਿਹਤ ਵੀ ਪ੍ਰਦਾਨ ਕਰਦਾ ਹੈ, ਉਹਨਾਂ ਕਿਹਾ ਕਿ ਇਸ ਮੈਡਿਕਲ ਚੈੱਕਅਪ ਕੈਂਪ ਰਾਹੀਂ ਅਸੀਂ ਬੱਚਿਆਂ ਨੂੰ ਸਿਹਤ ਸੰਬੰਧੀ ਚਿੰਤਾਵਾਂ ਤੋਂ ਮੁਕਤ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਆਪਣੀ ਪੜ੍ਹਾਈ ਵਿੱਚ ਦਿਲਚਸਪੀ ਲੈ ਸਕਣl ਇਹ ਕੈਂਪ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਲਗਾਇਆ ਗਿਆl ਸਹਿਯੋਗੀ ਡਾਕਟਰਾਂ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਦੀ ਨਿਗਰਾਨੀ ਕਰਨਾ ਬਹੁਤ ਜ਼ਰੂਰੀ ਹੈ, ਤਾਂ ਕਿ ਕੋਈ ਵੀ ਸਿਹਤ ਸੰਬੰਧੀ ਸਮੱਸਿਆ ਵਕਤ ਰਹਿੰਦੇ ਹੀ ਪਹਚਾਣੀ ਜਾ ਸਕੇ। ਇਸ ਕੈਂਪ ਨੇ ਸਕੂਲ ਸਮਾਜ ਵਿੱਚ ਸਿਹਤ ਅਤੇ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ!