ਮੁੱਖ ਮਹਿਮਾਨ ਸਪੀਕਰ ਸੰਧਵਾਂ ਨੇ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ

ਕੋਟਕਪੂਰਾ, 23 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਲਗਾਤਾਰ ਬੂਟੇ ਲਾਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਦੀ ਅਗਵਾਈ ਹੇਠ ਸਥਾਨਕ ਦੇਵੀਵਾਲਾ/ਮੋਗਾ ਸੜਕ ’ਤੇ ਸਥਿੱਤ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵੱਖ-ਵੱਖ ਕਿਸਮ ਦੇ 100 ਫਲਦਾਰ, ਛਾਂਦਾਰ ਅਤੇ ਵਿਰਾਸਤੀ ਬੂਟੇ ਲਾਏ ਗਏ। ਬੂਟੇ ਲਾਉਣ ਵਾਲੀ ਮੁਹਿੰਮ ਦੇ ਪ੍ਰੋਜੈਕਟ ਇੰਚਾਰਜ ਲੈਕ. ਵਿਨੋਦ ਧਵਨ ਮੁਤਾਬਿਕ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਪਲੀਤ ਹੋ ਰਹੇ ਵਾਤਾਵਰਣ ਦੀ ਸਮੱਸਿਆ ਬਹੁਤ ਵੱਡੀ ਚੁਣੋਤੀ ਹੈ। ਉਹਨਾਂ ਕਿਹਾ ਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੀ ਨਵੀਂ ਪੀੜੀ ਦਾ ਭਵਿੱਖ ਸੁਰੱਖਿਅਤ ਨਹੀਂ। ਸਪੀਕਰ ਸੰਧਵਾਂ ਨੇ ਪਹਿਲਾਂ ਕਾਲਜ ਦੇ ਪਿ੍ਰੰਸੀਪਲ ਸਮੇਤ ਸਮੁੱਚੇ ਸਟਾਫ ਨਾਲ ਇਕ ਬੂਟਾ ਲਾਇਆ ਅਤੇ ਫਿਰ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਵੱਖ ਵੱਖ ਸ਼ਖਸ਼ੀਅਤਾਂ ਨਾਲ ਵੱਖ ਵੱਖ ਕਿਸਮ ਦੇ ਬੂਟੇ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾ ਹੈਰਾਨੀ ਪ੍ਰਗਟਾਈ ਕਿ ਇਸ ਵਾਰ ਪੰਜਾਬ ਵਿੱਚ ਕਿਸਾਨਾ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਪਰ ਫਿਰ ਵੀ ਦਿੱਲੀ ਦੀ ਸਰਕਾਰ ਉੱਥੋਂ ਦੇ ਪ੍ਰਦੂਸ਼ਣ ਦਾ ਦੋਸ਼ ਆਪਣੇ ਨਾਲ ਲੱਗਦੇ ਰਾਜਾਂ ਦੀ ਬਜਾਇ ਪੰਜਾਬ ਸਿਰ ਮੜ ਰਹੀ ਹੈ। ਗੌਰਮਿੰਟ ਪੋਲੀਟੈਕਨਿਕ ਕਾਲਜ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਗੁੱਡ ਮੌਰਨਿੰਗ ਕਲੱਬ ਨੇ 27 ਜੁਲਾਈ ਨੂੰ ਇੱਥੇ ਵੱਖ ਵੱਖ ਕਿਸਮ ਦੇ 100 ਬੂਟੇ ਲਾਏ ਸਨ, ਜੋ ਤਿੰਨ ਤਿੰਨ ਜਾਂ ਚਾਰ-ਚਾਰ ਫੁੱਟ ਹੋ ਚੁੱਕੇ ਹਨ, ਸਟਾਫ ਵਲੋਂ ਉਹਨਾ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਅੱਜ ਲਾਏ ਗਏ ਬੂਟਿਆਂ ਦੀ ਵੀ ਸਟਾਫ ਵੱਲੋਂ ਧਿਆਨ ਨਾਲ ਸਾਂਭ ਸੰਭਾਲ ਕੀਤੀ ਜਾਵੇਗੀ। ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ ਅਤੇ ਐਨ.ਆਰ.ਆਈ. ਵਿੰਗ ਦੇ ਇੰਚਾਰਜ ਠੇਕੇਦਾਰ ਪੇ੍ਰਮ ਮੈਣੀ ਨੇ ਦੱਸਿਆ ਕਿ ਗੁੱਡ ਮੌਰਨਿੰਗ ਕਲੱਬ ਵਲੋਂ ਪਿਛਲੇ ਸਾਲ ਲਾਏ ਗਏ 11 ਹਜਾਰ ਵੱਖ-ਵੱਖ ਕਿਸਮ ਦੇ ਬੂਟਿਆਂ ਦੀ ਬਕਾਇਦਾ ਸੰਭਾਲ ਕੀਤੀ ਗਈ ਅਤੇ ਇਸ ਸਾਲ ਵੀ ਜਿੱਥੇ ਜਿੱਥੇ ਬੂਟੇ ਲਾਏ ਜਾਂਦੇ ਹਨ, ਉਹਨਾਂ ਦੀ ਬਕਾਇਦਾ ਸੰਭਾਲ ਵੀ ਕੀਤੀ ਜਾਂਦੀ ਹੈ। ਉਹਨਾ ਦੱਸਿਆ ਕਿ ਜਿਸ ਤਰ੍ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਕੁਦਰਤ ਪ੍ਰੇਮੀ ਹਨ ਅਤੇ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਕਾਰਜਾਂ ਦੇ ਵਿਰੁੱਧ ਹਨ, ਉਸੇ ਤਰ੍ਹਾਂ ਗੁੱਡ ਮੌਰਨਿੰਗ ਕਲੱਬ ਵਲੋਂ ਵੀ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਵਰਜ਼ ਕੇ ਜਾਂ ਪ੍ਰੇਰ ਕੇ ਕੁਦਰਤ ਪੇ੍ਰਮੀ ਬਣਨ ਸਬੰਧੀ ਅਕਸਰ ਪੇ੍ਰਰਿਤ ਕੀਤਾ ਜਾਂਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ ਐਸ ਐਸ ਬਰਾੜ, ਸੰਜੀਵ ਰਾਏ ਮਿੰਟਾ ਸ਼ਰਮਾ, ਜਸਕਰਨ ਸਿੰਘ ਭੱਟੀ, ਓਮ ਪ੍ਰਕਾਸ਼ ਗੁਪਤਾ, ਦਰਸ਼ਨ ਸਿੰਘ ਆਰੇਵਾਲਾ, ਸੁਖਵਿੰਦਰ ਸਿੰਘ ਬਾਗੀ, ਪਰਮਜੀਤ ਸਿੰਘ ਪੰਮਾ ਮੱਕੜ, ਗੁਰਮੀਤ ਸਿੰਘ ਮੀਤਾ, ਸਰਨ ਕੁਮਾਰ ਆਦਿ ਸਮੇਤ ਹੋਰ ਵੀ ਅਨੇਕਾਂ ਪਤਵੰਤੇ, ਉੱਘੀਆਂ ਸ਼ਖਸ਼ੀਅਤਾਂ ਅਤੇ ਕਾਲਜ ਦਾ ਸਮੁੱਚਾ ਸਟਾਫ ਹਾਜਰ ਸੀ।