ਫੈਸਲਾ ਵਾਪਿਸ ਲੈਣ ਦੀ ਕੀਤੀ ਮੰਗ
ਫਰੀਦਕੋਟ , 28 ਦਸੰਬਰ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੇਟ ਮਿਡ ਡੇ ਸੁਸਾਇਟੀ ਵੱਲੋਂ ਮਿਤੀ 27 ਦਸੰਬਰ ਨੂੰ ਪੰਜਾਬ ਰਾਜ ਦੇ ਸਮੂਹ ਡੀ ਈ ਓ ਜ਼ ਅਤੇ ਸਮੂਹ ਸਕੂਲ ਮੁਖੀਆਂ ਦੇ ਨਾਂ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਸਮੂਹ ਸਰਕਾਰੀ , ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਪੜ੍ਹ ਰਹੇ ਵਿਦਿਆਰਥੀਆਂ ਨੂੰ ਅੱਧੀ ਛੁੱਟੀ ਸਮੇਂ ਮੁਹਈਆ ਕਰਵਾਏ ਜਾਣ ਵਾਲੇ ਮਿਡ ਡੇਅ ਮੀਲ ਦੇ ਮੈਨੂੰ ਵਿੱਚ ਮਿਤੀ 1ਜਨਵਰੀ ਤੋਂ 31ਮਾਰਚ2024 ਤੱਕ ਸੋਧ ਕੀਤੀ ਗਈ ਹੈ ਜਿਸ ਅਨੁਸਾਰ ਸੋਮਵਾਰ ਵਾਲੇ ਦਿਨ ਭੋਜਨ ਦੇ ਨਾਲ ਇੱਕ ਇੱਕ ਕੇਲਾ ਅਤੇ ਬੁੱਧਵਾਰ ਵਾਲੇ ਦਿਨ ਛੋਲਿਆਂ ਦੇ ਨਾਲ ਪੂਰੀਆਂ ਬਣਾਕੇ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ । ਇਹਨਾਂ ਜਾਰੀ ਹੋਏ ਤਾਜ਼ਾ ਹੁਕਮਾਂ ਤੇ ਟਿੱਪਣੀ ਕਰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ, ਵਿੱਤ ਸਕੱਤਰ ਨਵੀਨ ਸਚਦੇਵਾ, ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ , ਜਸਪਾਲ ਸੰਧੂ ਤੇ ਰਾਕੇਸ ਧਵਨ, ਮਨਦੀਪ ਸਰਥਲੀ, ਸ਼ੋਸ਼ਲ ਮੀਡੀਆ ਸਕਤੱਰ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਜਿੰਦਰ ਪਾਇਲਟ , ਸੁਬਾ ਸਲਾਹਕਾਰ ਪ੍ਰੇਮ ਚਾਵਲਾ, ਜਿਲਾ ਫਰੀਦਕੋਟ ਦੇ ਪ੍ਰਧਾਨ
ਸ਼ਿੰਦਰਪਾਲ ਸਿੰਘ ਢਿੱਲੋ ਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਸਹਿਦੇਵ ਨੇ ਕਿਹਾ ਕਿ ਮਿਡ ਡੇਅ ਮੀਲ ਵਿੱਚ ਫਰੂਟ ਵਜੋਂ ਕੇਲਾ ਸ਼ਾਮਲ ਕਰਨਾ ਭਾਂਵੇਂ ਵੇਖਣ ਤੇ ਸੁਨਣ ਨੂੰ ਚੰਗੀ ਗੱਲ ਜਾਪਦੀ ਹੈ , ਪਰ ਦੂਰ ਦੁਰੇਡੇ ਸਕੂਲਾਂ ਦੇ ਅਧਿਆਪਕਾਂ ਲਈ ਇਹ ਕਾਫੀ ਮੁਸ਼ਕਲਾਂ ਭਰਪੂਰ ਕੰਮ ਹੋਵੇਗਾ । ਇਸ ਤੋਂ ਇਲਾਵਾ ਹਰ ਬੁੱਧਵਾਰ ਵਿਦਿਆਰਥੀਆਂ ਨੂੰ ਪੂਰੀਆਂ ਬਣਾਕੇ ਖਵਾਉਣਾ ਵੀ ਕੋਈ ਸੌਖਾ ਕੰਮ ਨਹੀਂ ਹੈ ਇਸ ਲਈ ਤਜਰਬੇਕਾਰ ਹਲਵਾਈ ਹੀ ਇਹ ਕਾਰਜ ਕਰ ਸਕਦੇ ਹਨ ਨਾ ਕਿ ਮਿਡ ਡੇਅ ਮੀਲ ਵਰਕਰਾਂ । ਦੂਸਰਾ ਮਹਿੰਗਾਈ ਦੇ ਇਸ ਦੌਰ ਵਿੱਚ ਜਦੋਂ ਸਿਲੰਡਰ ਦੀ ਕੀਮਤ ਲਗਭਗ ਇੱਕ ਹਜ਼ਾਰ ਰੁਪਏ ਹੋ ਚੁੱਕੀ ਹੋਵੇ ਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਜਿਵੇਂ ਘਿਓ ਦਾਲਾਂ ਆਦਿ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਚੁੱਕੀਆਂ ਹੋਣ , ਉਸ ਸਮੇਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਜਿਹੀ ਫੈਸਲੇ ਕਰਨਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ। ਅਧਿਆਪਕ ਆਗੂਆਂ ਨੇ ਇਹਨਾਂ ਹੁਕਮਾਂ ਤੇ ਪੁਨਰ ਵਿਚਾਰ ਕਰਨ ਅਤੇ ਇਹ ਹਦਾਇਤਾਂ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ।