ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਰੁੱਤ ਦੇ ਆਉਣ ਨਾਲ ਛੋਟੇ-ਛੋਟੇ ਬੱਚੇ ਬਜ਼ਾਰਾਂ ਵਿੱਚੋਂ ਪਤੰਗ ਅਤੇ ਡੋਰ ਖਰੀਦਦੇ ਆਮ ਦੇਖੇ ਜਾ ਸਕਦੇ ਹਨ, ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਫ਼ਿਰ ਵੱਡੀ ਮਾਤਰਾ ਵਿੱਚ ਚਾਈਨਾ ਡੋਰ ਫ਼ਰੀਦਕੋਟ ਵਿੱਚ ਬਹੁਤਾਤ ਵਿੱਚ ਪਹੁੰਚ ਚੁੱਕੀ ਹੈ। ‘ਸੀਰ’ ਪ੍ਰਧਾਨ ਸੰਦੀਪ ਅਰੋੜਾ ਨੇ ਦੱਸਿਆ ਕਿ ਪੰਛੀਆਂ ਦੀ ਸੁਰੱਖਿਆ ਲਈ ਸੇਵਾ ਕਰ ਰਹੀਆਂ ਫਰੀਦਕੋਟ ਦੀਆਂ ਸੰਸਥਾਵਾਂ ਜਿਵੇਂ ‘ਸੀਰ’ ਫ਼ਰੀਦਕੋਟ, ਮਾਸੂਮ ਪ੍ਰਵਾਜ਼ ਵੈਲਫੇਅਰ ਸੋਸਾਇਟੀ ਪਿਛਲੇ ਕਈ ਸਾਲਾਂ ਤੋਂ ਇਸ ਡੋਰ ਨੂੰ ਵਰਤਣ ਤੋਂ ਰੋਕਣ ਲਈ ਯਤਨ ਕਰ ਰਹੀਆਂ ਹਨ, ਇਸ ਸੰਦਰਭ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਲੈਕਚਰ ਦਿੱਤੇ ਜਾਂਦੇ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰ ਡੋਰ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਪੰਛੀਆਂ ਦਾ ਇਲਾਜ ਕਰਨ ਦੇ ਮਾਹਿਰ ਸ਼ੰਕਰ ਸ਼ਰਮਾ ਨੇ ਦੱਸਿਆ ਕਿ ਡੋਰ ਨਾਲ ਜਖ਼ਮੀ ਹੋਣ ਵਾਲੇ ਪੰਛੀ ਮਾਸੂਮ ਪ੍ਰਵਾਜ ਵੈਲਫ਼ੇਅਰ ਸੋਸਾਇਟੀ ਦੇ ਸ਼ੈਲਟਰ ਹੋਮ ਵਿੱਚ ਵੱਡੀ ਗਿਣਤੀ ’ਚ ਪਹੁੰਚਣੇ ਸ਼ੁਰੂ ਹੋ ਗਏ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਚਾਈਨਾ ਡੋਰ ਇੱਕ ਪਲਾਸਟਿਕ ਤੋਂ ਬਣੀ ਖ਼ਤਰਨਾਕ ਡੋਰ ਹੈ ਤੇ ਇਹ ਨਾ ਤਾਂ ਸਮੇਂ ਨਾਲ ਗਲਦੀ ਹੈ ਨਾ ਨਸ਼ਟ ਹੁੰਦੀ ਹੈ। ਜੇਕਰ ਇਸ ਨੂੰ ਜਲਾ ਵੀ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਬਹੁਤ ਨੁਕਸਾਨਦੇਹ ਧੂੰਆਂ ਨਿਕਲਦਾ ਹੈ। ‘ਸੀਰ’ ਫ਼ਰੀਦਕੋਟ, ਮਾਸੂਮ ਪ੍ਰਵਾਜ਼ ਅਤੇ ਜਲ ਜੀਵਨ ਬਚਾਓ ਮੋਰਚਾ ਵੱਲੋਂ ਸਾਂਝੇ ਤੌਰ ’ਤੇ ਇੱਕ ਮੰਗ ਪੱਤਰ ਐਸਐਚਓ ਫ਼ਰੀਦਕੋਟ ਦੇ ਨੁਮਾਇੰਦੇ ਐਸ.ਆਈ. ਸੁਖਵਿੰਦਰ ਸਿੰਘ ਨੂੰ ਦਿੱਤਾ ਗਿਆ। ਐਸ ਆਈ. ਸੁਖਵਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਚਾਈਨਾ ਡੋਰ ਇੱਕ ਪ੍ਰਤੀਬੰਧਿਤ ਡੋਰ ਹੈ।
