ਟੀਮ ਵੱਲੋਂ ਦੁਕਾਨਾ, ਮਕਾਨਾਂ ਦੀਆਂ ਛੱਤਾਂ ਦੀ ਚੈਕਿੰਗ : ਡਿਪਟੀ ਕਮਿਸ਼ਨਰ
ਕੋਟਕਪੂਰਾ, 24 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਉੱਪਰ ਪੂਰੇ ਜਿਲ੍ਹੇ ਵਿੱਚ ਪਾਬੰਦੀ ਹੈ, ਕਿਉਂਕਿ ਇਸ ਨਾਲ ਆਮ ਲੋਕਾਂ ਤੋਂ ਇਲਾਵਾ ਬੱਚਿਆਂ ਅਤੇ ਪੰਛੀਆਂ ਨੂੰ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਹ ਚਾਈਨਾ ਡੋਰ ਵਾਤਾਵਰਨ ਲਈ ਵੀ ਨੁਕਸਾਨਦਾਇਕ ਹੈ। ਐਕਸੀਅਨ ਪ੍ਰਦੂਸ਼ਣ ਕੰਟਰੌਲ ਬੋਰਡ ਫਰੀਦਕੋਟ ਰਵੀਪਾਲ ਨੇ ਦੱਸਿਆ ਕਿ ਜਿਲ੍ਹਾ ਫਰੀਦਕੋਟ ਦੇ ਪਤੰਗ ਅਤੇ ਡੋਰ ਦੇ ਥੋਕ ਵਿਕਰੇਤਾਵਾਂ ਨੂੰ ਵਾਤਾਵਰਣ (ਸੁਰੱਖਿਆ) ਐਕਟ, 1986 ਦੇ ਅਧੀਨ ਪੂਰਨ ਤੌਰ ’ਤੇ ਹਦਾਇਤਾਂ ਅਨੁਸਾਰ ਪਾਬੰਦੀ ਲਾਈ ਗਈ ਹੈ। ਇਸੇ ਲੜੀ ਤਹਿਤ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ’ਤੇ ਰੋਕ ਲਾਉਣ ਲਈ ਚੈਕਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਚੈਕਿੰਗ ਦੌਰਾਨ ਉਨ੍ਹਾ ਨਾਲ ਐਸ.ਡੀ.ਓ. ਹਰਦਾਸ ਸਿੰਘ, ਜੇ.ਈ. ਹਰਜੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਮੌਜੂਦ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਟੀਮ ਸਮੇਤ ਦੁਕਾਨਾਂ ਅਤੇ ਲੋਕਾਂ ਦੇ ਘਰਾਂ ਵਿਚ ਵੀ ਜਾਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਘਰਾਂ ਦੀਆਂ ਛੱਤਾਂ ਤੇ ਪਤੰਗ ਉਡਾ ਰਹੇ ਬੱਚਿਆ ਤੋਂ ਉਨ੍ਹਾਂ ਦੀ ਡੋਰ ਜਬਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਜਿਨ੍ਹਾਂ ਕੋਲੋਂ ਚਾਈਨਾ ਡੋਰ ਫੜੀ ਗਈ ਹੈ ਉਨ੍ਹਾਂ ਤੇ ਕਾਰਵਾਈ ਕਰਦੇ ਹੋਏ ਜੁਰਮਾਨਾ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਚਾਈਨਾ ਡੋਰ ਵਰਤਨ ਵਾਲਿਆਂ ਅਤੇ ਵੇਚਣ ਵਾਲਿਆਂ ਵਿਰੁੱਧ ਦੋਸ਼ੀ ਪਾਏ ਜਾਣ ’ਤੇ 5 ਸਾਲ ਦੀ ਕੈਦ ਜਾਂ ਇੱਕ ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਹੈ।
