ਚਾਈਨਾ ਡੋਰ ਇਨਸਾਨਾ ਦੇ ਨਾਲ-ਨਾਲ ਜਾਨਵਰਾਂ ਅਤੇ ਪੰਛੀਆਂ ਲਈ ਵੀ ਖਤਰਨਾਕ : ਐਡਵੋਕੇਟ ਅਜੀਤ ਵਰਮਾ
ਕੋਟਕਪੂਰਾ, 19 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਉੱਘੇ ਸਮਾਜਸੇਵੀ ਅਤੇ ਸੀਨੀਅਰ ਵਕੀਲ ਅਜੀਤ ਵਰਮਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਤੰਗ ਉਡਾਉਣ ਦੇ ਸ਼ੌਕੀਨ ਲੋਕ ਪਲਾਸਟਿਕ ਦੀ ਡੋਰ ਦੀ ਵਧੇਰੇ ਵਰਤੋਂ ਕਰਦੇ ਹਨ ਅਤੇ ਹਰ ਸਾਲ ਵੱਡੀ ਗਿਣਤੀ ਵਿੱਚ ਇਨਸਾਨਾਂ ਦੇ ਨਾਲ-ਨਾਲ ਜਾਨਵਰ, ਪਸ਼ੂ ਅਤੇ ਪੰਛੀ ਵੀ ਇਸ ਨਾਲ ਜਖਮੀ ਹੋ ਜਾਂਦੇ ਹਨ। ਕਈ ਜਾਨਵਰ ਪਸ਼ੂ, ਪੰਛੀ ਅਤੇ ਇਨਸਾਨ ਇਸ ਖੂਨੀ ਡੋਰ ਨਾਲ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਡੋਰ ਨੂੰ ਖਰੀਦਣ ਜਾਂ ਵੇਚਣ ਵਾਲਿਆਂ ਖਿਲਾਫ ਪੁਲਿਸ ਪ੍ਰਸ਼ਾਸਨ ਕਾਰਵਾਈ ਤਾਂ ਕਰਦਾ ਹੈ ਪਰ ਪਤੰਗਾਂ ਉਡਾਉਣ ਦੇ ਸ਼ੌਕੀਨ ਪੁਲਿਸ ਦੀ ਕਾਰਵਾਈ ਦੀ ਪ੍ਰਵਾਹ ਨਾ ਕਰਦੇ ਹੋਏ ਧੜੱਲੇ ਨਾਲ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਐਡਵੋਕੇਟ ਅਜੀਤ ਵਰਮਾ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਪਲਾਸਟਿਕ ਦੀ ਡੋਰ ਖਰੀਦਣ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਇਸ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਜਾ ਸਕੇ। ਇਸ ਪਲਾਸਟਿਕ ਦੀ ਡੋਰ ਦੇ ਨਾਲ ਇਨਸਾਨ, ਜਾਨਵਰ, ਪਸ਼ੂ, ਪੰਛੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਲੋਕ ਪਲਾਸਟਿਕ ਦੀ ਡੋਰ ਦੀ ਮੰਗ ਕਰਨੀ ਬੰਦ ਕਰ ਦੇਣ ਤਾਂ ਪਲਾਸਟਿਕ ਡੋਰ ਦੀ ਵਿੱਕਰੀ ਆਪਣੇ ਆਪ ਹੀ ਬੰਦ ਹੋ ਜਾਵੇਗੀ। ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਡ ਬੋਰਡ ਵਲੋਂ ਵੀ ਚਾਈਨਾ ਡੋਰ ਦੀ ਵਿੱਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਗਈ ਹੈ, ਜਿਸ ਨਾਲ ਐਕਟ 1986 ਅਧੀਨ ਧਾਰਾ 5 ਤਹਿਤ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਨੂੰ ਵੇਚ/ਸਟੋਰ/ਸਪਲਾਈ ਜਾਂ ਵਰਤ ਰਿਹਾ ਹੈ ਤਾਂ ਇਸ ਸਬੰਧੀ ਜਾਣਕਾਰੀ ਟੋਲ ਫਰੀ ਨੰਬਰ 1800-180-2180 ’ਤੇ ਦਿੱਤੀ ਜਾਵੇ, ਸੂਚਨਾ ਦੇਣ ਵਾਲੇ (ਚਾਈਨਾ ਡੋਰ ਫੜਾਉ-ਨਗਦ ਇਨਾਮ ਪਾੳ) ਨੂੰ ਨਗਦ ਇਨਾਮ ਦੇਣ ਦੇ ਨਾਲ-ਨਾਲ ਉਸਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਚਾਈਨਾ ਡੋਰ ਵਰਤਨ ਵਾਲਿਆਂ ਅਤੇ ਵੇਚਣ ਵਾਲਿਆਂ ਵਿਰੁੱਧ ਦੋਸ਼ੀ ਪਾਏ ਜਾਣ ’ਤੇ 5 ਸਾਲ ਦੀ ਕੈਦ ਜਾਂ ਇੱਕ ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।