ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਕੀਤਾ ਗਿਆ ਵਿਚਾਰ ਵਟਾਂਦਰਾ
ਕੋਟਕਪੂਰਾ, 20 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦੇ ਦਫਤਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਪ੍ਰਤੀ ਹੋਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਸਮੇਤ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨਾਂ ਨੇ ਵੀ ਹਿੱਸਾ ਲਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਐਸ.ਡੀ.ਐਮ. ਕੋਟਕਪੂਰਾ ਵੀ ਪੁੱਜੇ। ਇਸ ਸਮੇਂ ਵੱਖ-ਵੱਖ ਵਾਰਡਾਂ ਦੇ ਇਨਚਾਰਜ ਅਤੇ ਬਲਾਕ ਪ੍ਰਧਾਨ ਨੇ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸੀਆਂ ਅਤੇ ਉਹਨਾਂ ਦਾ ਫੋਰੀ ਹੱਲ ਕਰਨ ਦਾ ਵੀ ਕਿਹਾ ਗਿਆ। ਇਸ ਸਮੇਂ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਗੰਦੇ ਪਾਣੀ ਦੀ ਨਿਕਾਸੀ, ਪੀਣ ਲਈ ਸਾਫ ਪਾਣੀ ਅਤੇ ਗੰਦਗੀ ਦੇ ਢੇਰ ਦੇ ਨਾਲ-ਨਾਲ ਬਰਸਾਤੀ ਪਾਣੀ ਦੀ ਸਮੱਸਿਆਵਾਂ ਪ੍ਰਤੀ ਵੀ ਚਰਚਾ ਕੀਤੀ ਗਈ ਅਤੇ ਆਉਂਦੇ ਮਾਨਸੂਨ ਸਮੇਂ ਦੀਆਂ ਸਮੱਸਿਆਵਾਂ ਪ੍ਰਤੀ ਵੀ ਪਹਿਲ ਤੋਂ ਵੀ ਹੱਲ ਕਰਨ ਦਾ ਕਿਹਾ ਗਿਆ। ਇਸ ਸਮੇਂ ਐਸਡੀਐਮ ਕੋਟਕਪੂਰਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਕਤ ਮਸਲਿਆਂ ਪ੍ਰਤੀ ਪੂਰੀ ਤਰਹਾਂ ਨਾਲ ਕਾਰਜ ਤੇਜ਼ੀ ਨਾਲ ਕੀਤੇ ਜਾਣਗੇ ਅਤੇ ਆਉਂਦੇ ਦਿਨਾਂ ਵਿੱਚ ਪੈਂਦੇ ਮੀਹ ਦੇ ਪਾਣੀ ਦੀ ਵੀ ਨਿਕਾਸੀ ਜਲਦ ਯਕੀਨੀ ਕੀਤੀ ਜਾਵੇਗੀ। ਇਸ ਸਮੇਂ ਚੇਅਰਮੈਨ ਆਰੇਵਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਨਸ਼ਿਆਂ ਪ੍ਰਤੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਤੇ ਵੱਡੇ ਪੱਧਰ ’ਤੇ ਨਸ਼ੇ ਦੇ ਸੁਦਾਗਰਾਂ ਨੂੰ ਫੜਿਆ ਜਾ ਰਿਹਾ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੂਰ ਕਰਨ ਲਈ ਸੂਬਾ ਸਰਕਾਰ ਵੱਡੇ ਪੱਧਰ ’ਤੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾ ਰਹੀ ਹੈ ਅਤੇ ਵੱਖ-ਵੱਖ ਖੇਡਾਂ ਵਿੱਚ ਵੀ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਸੂਬੇ ਵਿੱਚ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ’ਤੇ ਕਰੋੜਾਂ ਰੁਪਏ ਵੀ ਖਰਚ ਕਰ ਰਹੀ ਹੈ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਵਾਂ ਮੁਹੱਈਆ ਹੋ ਸਕਣ।