ਸਰਕਾਰ ਵੱਲੋਂ ਕੋਈ ਵੀ ਹੜ੍ਹ ਪ੍ਰਭਾਵਿਤ ਪਰਿਵਾਰ ਅਣਡਿੱਠਾ ਨਹੀਂ ਰਹੇਗਾ : ਚੇਅਰਮੈਨ ਆਰੇਵਾਲਾ

ਕੋਟਕਪੂਰਾ, 22 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਅਤੇ ਗਰੀਬ ਪਰਿਵਾਰਾਂ ਨੂੰ ਜਲਦ ਮੁਆਵਜ਼ਾ ਦੇਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੁਹਿੰਮ ਲਈ ਪਟਵਾਰੀ ਮੈਦਾਨ ‘ਚ ਉਤਰੇ ਹੋਏ ਹਨ, ਜੋ ਘਰ-ਘਰ ਜਾ ਕੇ ਪ੍ਰਭਾਵਿਤ ਪਰਿਵਾਰਾਂ ਦੇ ਨੁਕਸਾਨ ਦੀ ਰਿਪੋਰਟ ਤਿਆਰ ਕਰ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ ਨੇ ਫਰੀਦਕੋਟ ਹਲਕੇ ਦੇ ਪਿੰਡ ਕੌਣੀ ਅਤੇ ਸੰਗਤਪੁਰਾ ਵਿੱਚ ਗੁਰਬਚਨ ਸਿੰਘ ਖੇਤੀਬਾੜੀ ਵਿਭਾਗ ਦੇ ਇੰਸਪੈਕਟਰ ਨਾਲ਼ ਹੜ ਪ੍ਰਭਾਵਿਤ ਪਿੰਡਾਂ ਦਾ ਸਰਵੇ ਦੌਰਾਨ ਕੀਤਾ। ਇਸ ਦੌਰਾਨ ਚੇਅਰਮੈਨ ਗੁਰਮੀਤ ਸਿੰਘ ਨੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਕੇ ਜਾਇਜ਼ਾ ਲਿਆ ਅਤੇ ਦੱਸਿਆ ਕਿ ਪਿੰਡ ਸੰਗਤਪੁਰਾ ਵਿੱਚ ਹਰਪ੍ਰੀਤ ਸਿੰਘ, ਸਾਧੂ ਸਿੰਘ, ਕੁੰਢਾ ਸਿੰਘ, ਅਜੀਤ ਸਿੰਘ, ਸੁਰਿੰਦਰ ਸਰਮਾ ਆਦਿ ਕਿਸਾਨਾ ਦੀ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈ, ਜਦਕਿ ਸਿਕੰਦਰ ਸਿੰਘ ਦੀ ਤੂੜੀ ਅਤੇ ਟਰੈਕਟਰ ਸੈੱਡ ਡਿੱਗ ਪਿਆ। ਉਹਨਾਂ ਦੱਸਿਆ ਕਿ ਪਿੰਡ ਕੌਣੀ ਵਿੱਚ ਕੋਈ ਵੀ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਦੁੱਖ-ਦਰਦ ‘ਚ ਸਾਂਝੀ ਹੈ ਅਤੇ ਹਰ ਹਾਲਤ ‘ਚ ਲੋੜਵੰਦਾਂ ਨੂੰ ਰਾਹਤ ਪਹੁੰਚਾਈ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਕਿਸਾਨਾਂ ਦੀ ਲੱਖਾਂ ਏਕੜ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਮਿਲੇਗਾ, ਸਗੋਂ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਨੁਕਸਾਨ ਹੋਇਆ ਹੈ ਜਾਂ ਜਿਨ੍ਹਾਂ ਦਾ ਪਸ਼ੂ ਧਨ ਹੜ੍ਹ ਕਾਰਨ ਬਰਬਾਦ ਹੋਇਆ ਹੈ, ਉਨ੍ਹਾਂ ਨੂੰ ਵੀ ਪੂਰਾ ਹੱਕ ਦੇ ਅਧਾਰ ‘ਤੇ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ। ਚੇਅਰਮੈਨ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿੰਨਾ ਜਲਦੀ ਹੋ ਸਕੇ, ਮੁਆਵਜ਼ੇ ਦੀ ਰਕਮ ਹੜ੍ਹ ਪ੍ਰਭਾਵਿਤ ਲੋਕਾਂ ਦੇ ਖਾਤਿਆਂ ‘ਚ ਪਹੁੰਚਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਬੁੱਟਰ, ਜਸਪਾਲ ਸਿੰਘ ਬਾਬਾ ਜੀ, ਮਨਜੀਤ ਸ਼ਰਮਾ, ਪੰਮਾ ਸਿੰਘ, ਭਰਪੂਰ ਸਿੰਘ ਬਲਾਕ ਪ੍ਰਧਾਨ ਫਰੀਦਕੋਟ ਅਤੇ ਪਿੰਡਾਂ ਦੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।