ਸੰਗਰੂਰ 23 ਜੂਨ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼)
ਲੋਕਾਂ ਨੂੰ ਸੋਚਣ, ਸਮਝਣ ਤੇ ਪਰਖਣ ਦੀ ਸੁਚੱਜੀ ਆਦਤ ਪਾ ਕੇ ਉਨ੍ਹਾਂ ਦੇ ਮਨਾਂ ਵਿੱਚੋਂ ਕੀ , ਕਿਉਂ , ਕਿਵੇਂ ਆਦਿ ਗੁਣਾਂ ਨਾਲ ਅਗਿਆਨਤਾ ਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਕਰਨ ਦਾ ਸਿਹਰਾ ਵਿਗਿਆਨ ਸਿਰ ਹੈ । ਚੇਤਨਾ, ਗਿਆਨ ਦੀ ਚਰਚਾ ਦਾ ਪ੍ਰਵਾਹ ਲਗਾਤਾਰ ਚਲਦਾ ਰਹਿਣਾ ਚਾਹੀਦਾ ਹੈ।ਚੰਗੇਰੀ ਜੀਵਨ ਜਾਂਚ ਤੇ ਚਰਚਾ ਕਰਨ ਦਾ ਅਧਿਐਨ ਕਰਨਾ, ਦੂਜਿਆਂ ਦਾ/ ਸਮਾਜ ਦਾ ਚੰਗਾ ਕਰਨ ਦੀ ਆਦਤ ਪਾਉਣਾ ਤੇ ਜ਼ਿੰਦਗੀ ਦਾ ਕੋਈ ਮਕਸਦ ਮਿਥ ਕੇ ਨਵੇਂ ਰਾਹ ਤਲਾਸ਼ਣਾ ਸਫਲਤਾ ਵੱਲ ਜਾਂਦਾ ਰਾਹ ਹੈ। ਜੀਵ ਵਿਕਾਸ ਦੀ ਪ੍ਰਕਿਰਿਆ ਤੇ ਪਹਿਲੇ ਮਨੁੱਖ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਨੂੰ ਭਾਵਪੂਰਤ ਤੇ ਸੌਖੇਰੇ ਢੰਗ ਨਾਲ ਸਮਝਾਉਣਾ ਅਗਾਂਹ ਵਧੂ ਸੋਚ ਦੇ ਧਾਰਨੀ ਵਿਅਕਤੀਆਂ ਦੀ ਜ਼ਿਮੇਵਾਰੀ ਹੈ।ਬੱਚਿਆਂ ਦੇ ਮਨ ਕੋਰੇ ਕਾਗਜ਼ ਹਨ ਜਿਨ੍ਹਾਂ ਦੇ ਮਨ ਮਸਤਕ ਤੇ ਅਧਿਆਪਕਾਂ ਨੇ ਚੇਤਨਾ ਦੀ ਨਵੀਂ ਇਬਾਰਤ ਲਿਖਣੀ ਹੁੰਦੀ ਹੈ।ਵਿਦਿਆਰਥੀਆਂ ਨੂੰ ਪੁਸਤਕਾਂ ਦੇ ਸੰਗ ਜੋੜਨ ਦੀ ਆਦਤ ਪਾਉਣੀ ਚਾਹੀਦੀ ਹੈ ਜਿਨ੍ਹਾਂ ਦੇ ਸਾਥ ਨਾਲ ਸੁਹਜ, ਸਿਆਣਪ ਤੇ ਸਫਲਤਾ ਤੇ ਵਿਗਿਆਨਕ ਸੋਚ ਬਾਰੇ ਰੌਚਿਕ ਜਾਣਕਾਰੀ ਮਿਲਦੀ ਹੈ। ਮਨੁੱਖੀ ਜੀਵਨ ਦੀ ਕਾਇਆ ਕਲਪ ਕਰਨ ਦਾ ਗਿਆਨ ਹਾਸਲ ਹੁੰਦਾ ਹੈ।
ਲੋਕਾਂ/ ਵਿਦਿਆਰਥੀਆਂ ਨੂੰ ਮਾਨਸਿਕ ਰੋਗਾਂ, ਪ੍ਰਚਲਿਤ ਅੰਧਵਿਸ਼ਵਾਸਾਂ , ਰੂੜ੍ਹੀਵਾਦੀ ਵਿਚਾਰਾਂ, ਵੇਲਾ ਵਿਹਾ ਚੁੱਕੀਆ ਰਸਮਾਂ ਦੀ ਅਰਥਹੀਣਤਾ ਬਾਰੇ ਤੇ ਤਾਂਤਰਿਕਾਂ ਦੇ ਭਰਮ ਜਾਲ ਦੀ ਤਰਕਸ਼ੀਲ ਨਜ਼ਰੀਏ ਤੋਂ ਵਿਆਖਿਆ ਕਰਕੇ, ਵਿਦਿਅਰਥੀਆਂ ਨੂੰ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਲਈ ਪ੍ਰੇਰਿਤ ਕਰਨਾ ਵੀ ਸਾਡੇ ਸਾਰਿਆਂ ਦੀ ਜ਼ਿਮੇਵਾਰੀ ਹੈ।।
ਸਾਮਾਜਿਕ ਤੇ ਕੁਦਰਤੀ ਵਰਤਾਰੇ ਵਾਪਰਨ ਪਿੱਛੇ ਕੋਈ ਨਾ ਕੋਈ ਕਾਰਣ ਹੁੰਦਾ ਹੈ ਜਿਨ੍ਹਾਂ ਬਾਰੇ ਲੋਕਾਂ ਨੂੰ ਸੁਚੇਤ ਤੇ ਚੇਤਨ ਕਰਨਾ ਤੇ ਸਮਝਾਉਣਾ ਚਾਹੀਦਾ ਹੈ ਕਿ ਚਮਤਕਾਰਾਂ ਦੀ ਆਪਣੇ ਆਪ ਵਿੱਚ ਕੋਈ ਹੋਂਦ ਨਹੀਂ ਹੁੰਦੀ। ਇਥੇ ਘਟਨਾਵਾਂ ਵਾਪਰਦੀਆਂ ਹਨ ਉਨ੍ਹਾਂ ਦੇ ਕਾਰਨ ਜਾਣਨਾ ਹੀ ਵਿਗਿਆਨਕ ਸੋਚ ਹੈ।ਜੀਵ ਵਿਕਾਸ ਅਤੇ ਮਨੁੱਖ ਦੀ ਉਤਪਤੀ ਕਰੋੜਾਂ ਸਾਲਾਂ ਦੀ ਪ੍ਰਕਿਰਿਆ ਦਾ ਨਤੀਜਾ ਹੈ।ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਜੀਵ ਵਿਕਾਸ ਦਾ ਸਿਧਾਂਤ, ਜ਼ਿੰਦਗੀ ਵਿੱਚ ਕਲਾ ਦਾ ਮਹੱਤਵ, ਮਿਆਰੀ ਸਾਹਿਤ ਪੜ੍ਹਨ ਦੀ ਚੇਟਕ ਅਤੇ ਨਸ਼ਿਆਂ ਤੋਂ ਕਿਵੇਂ ਬਚੀਏ ਆਦਿ ਮਹੱਤਵਪੂਰਨ ਵਿਸ਼ਿਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਤੇ ਉਸਨੂੰ ਵੰਡਣ ਕਿਰਿਆ ਲਗਾਤਾਰ ਚਲਣੀ ਚਾਹੀਦੀ ਹੈ। ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਹੈ ਕਿ ਇਸ ਧਰਤੀ ਉੱਤੇ ਜੀਵ ਵਿਕਾਸ ਕਰੋੜਾਂ ਸਾਲਾਂ ਦੀ ਵਿਗਿਆਨਕ ਅਤੇ ਕੁਦਰਤੀ ਪ੍ਰਕਿਰਿਆ ਦਾ ਨਤੀਜਾ ਹੈ ਅਤੇ ਸਾਰੇ ਹੀ ਜੀਵ ਜੰਤੂ,ਪੌਦੇ ਅਤੇ ਖੁਦ ਮਨੁੱਖ ਵੀ ਜੀਵ ਵਿਕਾਸ ਦੀ ਇਸੇ ਹੀ ਪ੍ਰਕਿਰਿਆ ‘ਚੋ ਹੋਂਦ ਵਿੱਚ ਆਏ ਹਨ। ਐਨ ਸੀ ਈ ਆਰ ਟੀ ਦੇ ਸਿਲੇਬਸ ਚੋਂ ਜੀਵ ਵਿਕਾਸ ਦੇ ਸਿਧਾਂਤ ਨੂੰ ਬਾਹਰ ਕੱਢਣ ਅਤੇ ਰੂੜੀਵਾਦੀ ਵਿਸ਼ੇ ਸ਼ਾਮਿਲ ਕਰਨਾ ਨਿੰਦਣਯੋਗ ਹੈ।
ਲੋਕਾਂ ਖ਼ਾਸ ਕਰਕੇ ਵਿਦਿਆਰਥੀਆਂ ਵਿੱਚ ਜ਼ਿੰਦਗੀ ਵਿੱਚ ਕੁੱਝ ਨਵੀਂ ਸਿਰਜਣਾ, ਸੰਵੇਦਨਸ਼ੀਲਤਾ,ਨੈਤਿਕਤਾ ਅਤੇ ਮਨੁੱਖਤਾ ਪੱਖੀ ਮਾਨਸਿਕਤਾ ਪ੍ਰਫੁੱਲਿਤ ਕਰਨ ਲਈ ਗੀਤ -ਸੰਗੀਤ,ਨਾਟਕ, ਚਿੱਤਰਕਾਰੀ,ਨ੍ਰਿਤ, ਸਾਹਿਤ ਪੜ੍ਹਨ,ਲਿਖਣ ਆਦਿ ਕਲਾ ਦੀਆਂ ਰੁਚੀਆਂ ਵਿਕਸਤ ਕਰਨ ਦੀ ਬੇਹੱਦ ਲੋੜ ਹੈ ਜਿਸ ਲਈ ਅਧਿਆਪਕਾਂ, ਮਾਪਿਆਂ ਤੇ ਅਗਾਂਹ ਵਧੂ ਸੋਚ ਦੇ ਧਾਰਨੀਆਂ ਵੱਲੋਂ ਯਤਨ ਜੁਟਾਉਣੇ ਚਾਹੀਦੇ ਹਨ।ਉਨ੍ਹਾਂ ਨੂੰ ਵਿਗਿਆਨਕ ਸੋਚ,ਲਗਨ ਅਤੇ ਮਿਹਨਤ ਨਾਲ ਅੱਗੇ ਵੱਧਣ ਦੀ ਚੇਟਕ ਲਾਉਣੀ ਚਾਹੀਦੀ ਹੈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਗਿਆਨਕ ਚੇਤਨਾ ਅਤੀ ਜ਼ਰੂਰੀ ਹੈ
ਦੇਸ਼ ਦੇ ਭਵਿੱਖ ਬੱਚਿਆਂ ਨੂੰ ਨਸ਼ਿਆਂ,ਅਸ਼ਲੀਲਤਾ , ਅੰਧਵਿਸ਼ਵਾਸਾਂ,ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਜ਼ਿੰਦਗੀ ਵਿੱਚ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕਰਨਾ ਵੀ ਅਧਿਆਪਕਾਂ ਸਮੇਤ ਸਾਡੇ ਸਾਰਿਆਂ ਦਾ ਫਰਜ਼ ਹੈ । ਅਗਿਆਨਤਾ,ਅੰਧ ਵਿਸ਼ਵਾਸਾਂ ਅਤੇ ਰੂੜ੍ਹੀਵਾਦੀ ਵਿਚਾਰਾਂ ਨੂੰ ਵਿਗਿਆਨਕ ਵਿਚਾਰਾਂ ਦੀ ਚੇਤਨਾ ਤੇ ਸੋਝੀ ਰਾਹੀਂ ਖਤਮ ਕਰਕੇ ਹੀ ਇਕ ਵਿਕਸਤ ਤੇ ਖੁਸ਼ਹਾਲ ਸਮਾਜ ਉਸਾਰਿਆ ਜਾ ਸਕਦਾ ਹੈ