ਮਾਣਯੋਗ ਅਦਾਲਤ ਨੇ ਚੈੱਕ ਵਿੱਚ ਜਮਾ ਕਰਵਾਈ ਰਾਸ਼ੀ ਵਾਪਸ ਕਰਨ ਦੇ ਵੀ ਦਿੱਤੇ ਹੁਕਮ
ਕੋਟਕਪੂਰਾ, 27 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜੁਡੀਸ਼ੀਅਲ ਮੈਜਿਸਟ੍ਰੇਟ ਦਮਨਦੀਪ ਕਮਲਹੀਰਾ ਦੀ ਅਦਾਲਤ ਨੇ ਚੈੱਕ ਬਾਉਂਸ ਹੋਣ ਦੇ ਇੱਕ ਮਾਮਲੇ ਵਿੱਚ ਇੱਕ ਔਰਤ ਨੂੰ ਦੋਸ਼ੀ ਕਰਾਰ ਦਿੰਦਿਆਂ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਦੇ ਮੁਲਜ਼ਮ ਵਲੋਂ ਸ਼ਿਕਾਇਤ ਕਰਤਾ ਨੂੰ ਸੋਂਪੇ ਗਏ ਚੈੱਕ ਵਿੱਚ ਜਮ੍ਹਾ ਕਰਵਾਈ ਰਾਸ਼ੀ ਵਾਪਸ ਕਰਨ ਦਾ ਵੀ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੀ ਰਣਜੀਤ ਕੌਰ ਨੇ ਜੈ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਚਹਿਲ ਪਾਸੋਂ 2 ਲੱਖ ਰੁਪਏ ਉਧਾਰ ਲਏ ਸਨ, ਜਿਸ ਸਬੰਧੀ ਉਸ ਨੇ ਇੱਕ ਚੈੱਕ ਸ਼ਿਕਾਇਤ ਕਰਤਾ ਜੈ ਸਿੰਘ ਨੂੰ ਦਿੱਤਾ ਸੀ। ਰਕਮ ਨਾ ਮੋੜਨ ’ਤੇ ਸ਼ਿਕਾਇਤ ਕਰਤਾ ਨੇ ਉਹ ਚੈੱਕ ਬੈਂਕ ’ਚ ਲਾ ਦਿੱਤਾ ਪਰ ਬੈਂਕ ਨੇ ਉਹ ਚੈੱਕ ਵਾਪਸ ਕਰ ਦਿੱਤਾ ਸੀ, ਕਿਉਂਕਿ ਬੈਂਕ ਵਿੱਚ ਖਾਤਾ ਬੰਦ ਸੀ, ਜਿਸ ਸਬੰਧੀ ਸ਼ਿਕਾਇਤ ਕਰਤਾ ਨੇ ਆਪਣੇ ਵਕੀਲ ਰਾਹੀਂ ਇੱਕ ਨੋਟਿਸ ਦਿੱਤਾ। ਇਸ ਸਬੰਧੀ ਰਣਜੀਤ ਕੌਰ ਨੇ ਕੋਈ ਵੀ ਰਕਮ ਵਾਪਸ ਨਹੀ ਕੀਤੀ। ਜਿਸ ’ਤੇ ਸ਼ਿਕਾਇਤ ਕਰਤਾ ਜੈ ਸਿੰਘ ਨੇ ਅਦਾਲਤ ’ਚ ਸ਼ਿਕਾਇਤ ਇਸਤਗਾਸੇ ਤਹਿਤ ਦਾਇਰ ਕਰ ਦਿੱਤੀ, ਜਿਸ ’ਤੇ ਸ਼ਿਕਾਇਤ ਕਰਤਾ ਨੇ ਮਾਨਯੋਗ ਅਦਾਲਤ ’ਚ ਗਵਾਹਾਂ ਰਾਹੀ ਇਹ ਸਿੱਧ ਕਰ ਦਿੱਤਾ ਕਿ ਰਣਜੀਤ ਕੌਰ ਨੇ ਸ਼ਿਕਾਇਤ ਕਰਤਾ ਪਾਸੋ ਚੈੱਕ ਰਾਹੀਂ ਉਧਾਰ ਪੈਸੇ ਲਏ ਸਨ, ਜਿਸ ’ਤੇ ਮਾਨਯੋਗ ਅਦਾਲਤ ਨੇ ਰਣਜੀਤ ਕੌਰ ਨੂੰ ਦੋਸ਼ੀ ਮੰਨਦਿਆਂ ਉਕਤ ਸ਼ਜਾ ਅਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ।