4 ਕੰਪਿਊਟਰ ਐਲ.ਸੀ.ਡੀ., ਇੱਕ ਫਿੰਗਰ ਪਿ੍ਰੰਟ ਮਸ਼ੀਨ, 2 ਕੈਮਰੇ, ਆਈ ਸਕੈਨਰ ਮਸ਼ੀਨ ਸਮੇਤ ਲੱਖਾਂ ਦਾ ਸਮਾਨ ਅਤੇ ਦਸਤਾਵੇਜ ਚੋਰੀ
ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ ਰਾਤ ਚੋਰਾਂ ਵੱਲੋਂ ਸਥਾਨਕ ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲ ਦਫਤਰ ’ਚ ਸਥਿੱਤ ਸੇਵਾ ਕੇਂਦਰ ਦੇ ਦਰਵਾਜੇ ਦੇ ਤਾਲੇ ਤੋੜ ਕੇ ਵੱਡੀ ਪੱਧਰ ’ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਮਿਲੀ ਹੈ। ਮੌਕੇ ’ਤੇ ਮੌਜੂਦ ਸੇਵਾ ਕੇਂਦਰ ਦੇ ਇੰਚਾਰਜ ਲਖਵਿੰਦਰ ਸਿੰਘ, ਸਹਾਇਕ ਇੰਚਾਰਜ ਸੁਖਵੀਰ ਕੌਰ, ਐੱਸ.ਡੀ.ਐੱਮ. ਵੀਰਪਾਲ ਕੌਰ ਅਤੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਚੋਰਾਂ ਨੇ 4 ਕੰਪਿਊਟਰ ਐੱਲ.ਸੀ.ਡੀ., ਇੱਕ ਫਿੰਗਰ ਪਿ੍ਰੰਟ ਮਸ਼ੀਨ, 2 ਕੈਮਰੇ, ਆਈ ਸਕੈਨਰ ਮਸ਼ੀਨ, ਦਸਤਾਵੇਜ ਅਤੇ ਹੋਰ ਸਮਾਨ ਚੋਰੀ ਕਰ ਲਿਆ ਹੈ। ਜਿਸ ਦੀ ਅੰਦਾਜਨ ਕੀਮਤ ਇਕ ਲੱਖ ਰੁਪਏ ਤੋਂ ਵੀ ਜਿਆਦਾ ਦੱਸੀ ਜਾ ਰਹੀ ਹੈ। ਸੇਵਾ ਕੇਂਦਰ ਦੇ ਇੰਚਾਰਜ ਲਖਵਿੰਦਰ ਨੇ ਦੱਸਿਆ ਕਿ ਇਸ ਤਰਾਂ ਦਾ ਸਾਮਾਨ ਪਹਿਲਾਂ ਵੀ ਚੋਰੀ ਹੋ ਚੁੱਕਾ ਹੈ ਅਤੇ ਅੱਜ ਦੀ ਚੋਰੀ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਚੋਰ ਤਹਿਸੀਲ ਐਸ.ਡੀ.ਐਮ. ਦਫਤਰ ਦੇ ਬਾਊਂਡਰੀ ਗੇਟ ਅੰਦਰ ਵਕੀਲਾਂ, ਲੇਖਾਕਾਰਾਂ ਅਤੇ ਟਾਈਪਿਸਟਾਂ ਦੇ ਅੱਠ-ਦਸ ਕਾਊਂਟਰਾਂ ਦੇ ਤਾਲੇ ਤੋੜ ਕੇ ਇੱਕ ਪਿ੍ਰੰਟਰ ਅਤੇ ਨਕਦੀ ਚੋਰੀ ਕਰਕੇ ਲੈ ਗਏ ਸਨ। ਇਸ ਮੌਕੇ ਜਦੋਂ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ, ਸ਼ਹਿਰ ਦੇ ਹੋਰ ਲੋਕ ਆਪਣਾ ਕੰਮ ਕਰਵਾਉਣ ਲਈ ਐਸ.ਡੀ.ਐਮ ਦਫਤਰ ਅਤੇ ਸੇਵਾ ਕੇਂਦਰ ਪੁੱਜੇ ਤਾਂ ਸੇਵਾ ਕੇਂਦਰ ਦੇ ਇੰਚਾਰਜ ਅਤੇ ਤਹਿਸੀਲਦਾਰ ਨੇ ਦੱਸਿਆ ਕਿ ਚੋਰੀ ਹੋਣ ਕਾਰਨ ਅੱਜ ਕੰਮ ਰੁਕ ਗਿਆ ਹੈ। ਇਸ ਵੱਡੀ ਘਟਨਾ ਸਬੰਧੀ ਸ਼ਹਿਰ ਵਾਸੀ ਅਤੇ ਸਮਾਜਸੇਵੀ ਨਰੇਸ਼ ਕੁਮਾਰ ਸਹਿਗਲ ਨੇ ਤੁਰਤ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਫਰੀਦਕੋਟ ਨੂੰ ਸੂਚਿਤ ਕੀਤਾ, ਜਿਨਾਂ ਨੇ ਤੁਰਤ ਡੀਐਸਪੀ ਅਤੇ ਐਸਐਚਓ ਥਾਣਾ ਸਿਟੀ ਨੂੰ ਭੇਜਣ ਦਾ ਭਰੋਸਾ ਦਿੱਤਾ। ਕੁਝ ਸਮੇਂ ਬਾਅਦ ਹੀ ਨਵ-ਨਿਯੁਕਤ ਐਸਐਚਓ ਸਿਟੀ ਮਨੋਜ ਕੁਮਾਰ ਵੱਡੀ ਪੱਧਰ ’ਤੇ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ, ਜਿੰਨਾਂ ਨੇ ਘਟਨਾ ਅਤੇ ਚੋਰੀ ਦੀ ਘਟਨਾ ਦਾ ਜਾਇਜਾ ਲੈਣ ਉਪਰੰਤ ਡਿਊਟੀ ਅਫਸਰ ਨੂੰ ਐੱਫ.ਆਈ.ਆਰ ਦਰਜ ਕਰਕੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ। ਘਟਨਾ ਸਬੰਧੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐਸਪੀ ਕੋਟਕਪੂਰਾ ਨੇ ਦੱਸਿਆ ਕਿ ਚੌਂਕੀਦਾਰ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਸੀਸੀਟੀਵੀ ਟੈਕਨੀਕਲ ਸੈਲ ਫੁਟੇਜ ਖੰਗਾਲੇ ਜਾਣਗੇ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਨਰੇਸ਼ ਕੁਮਾਰ ਸਹਿਗਲ ਸਮੇਤ ਹੋਰ ਸ਼ਹਿਰ ਵਾਸੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ ਦੇ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਤਿੰਨ-ਚਾਰ ਦਿਨਾਂ ’ਚ ਮੁਲਜਮਾ ਨੂੰ ਫੜ ਕੇ ਸਾਰਾ ਸਮਾਨ ਬਰਾਮਦ ਕਰ ਲਿਆ ਜਾਵੇਗਾ। ਉਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਐਸਡੀਐਮ ਦਫਤਰ ਤੋਂ ਇਹ ਵੀ ਖੁਲਾਸਾ ਹੋਇਆ ਕਿ ਚੋਣਾਂ ਦੇ ਮੱਦੇਨਜਰ ਪੁਲੀਸ ਵਿਭਾਗ ਵੱਲੋਂ ਕੀਮਤੀ ਸਮਾਨ ਅਤੇ ਮਸ਼ੀਨਾਂ ਦੀ ਰਾਖੀ ਲਈ ਪੁਲਿਸ ਗਾਰਡ ਅਤੇ ਪੀ.ਸੀ.ਆਰ. ਵੀ ਤਾਇਨਾਤ ਕੀਤੇ ਗਏ ਹਨ। ਆਖਰ ਚੋਰਾਂ ਨੇ ਐਨੇ ਲੋਕਾਂ ਦੀ ਹਾਜਰੀ ’ਚ ਚੋਰੀ ਨੂੰ ਕਿਵੇ ਅੰਜਾਮ ਦਿੱਤਾ?