ਕੋਟਕਪੂਰਾ, 13 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਸਬੰਧਤ 1680 ਸੈਕਟਰ 22 ਬੀ ਚੰਡੀਗੜ੍ਹ ਦੇ ਸੱਦੇ ‘ਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਸਾਹਮਣੇ ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਦੀ ਅਰਥੀ ਫੂਕੀ ਗਈ। ਇਸ ਐਕਸ਼ਨ ਦੀ ਅਗਵਾਈ ਦਰਜਾਚਾਰ ਮੁਲਾਜ਼ਮਾ ਦੇ ਆਗੂ ਨਛੱਤਰ ਸਿੰਘ ਭਾਣਾ, ਇਕਬਾਲ ਸਿੰਘ ਢੁਡੀ ਬਲਕਾਰ ਸਿੰਘ ਸਹੋਤਾ, ਇਕਬਾਲ ਸਿੰਘ ਰਣ ਸਿੰਘ ਵਾਲਾ, ਰਮੇਸ਼ ਢੈਪਈ ਅਤੇ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ ਵੱਲੋਂ ਕੀਤੀ, ਗਈ। ਆਪਣੇ ਸੰਬੋਧਨ ਵਿੱਚ ਮੁਲਾਜਮ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ 64 ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਡੀ.ਸੀ. ਰੇਟਾਂ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ, ਘੱਟੋ-ਘੱਟ ਉਜਰਤਾਂ ‘ਤੇ ਬਣਦੀਆਂ ਸਹੁਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ, ਮਾਨਯੋਗ ਉੱਚ ਅਦਾਲਤਾਂ ਦੇ ਫੈਸਲੇ ਵੀ ਲਾਗੂ ਨਹੀਂ ਕੀਤੇ ਜਾ ਰਹੇ। ਕਾਲਜਾਂ ਦੇ ਮੁੱਖੀਆਂ ਵੱਲੋਂ ਮਨ-ਮਰਜੀਆਂ ਕਰਦੇ ਹੋਏ ਬਗੈਰ ਕਿਸੇ ਕਾਰਨ ਕੱਚੇ ਦਰਜਾ ਚਾਰ ਮੁਲਾਜ਼ਮਾਂ ਨੂੰ ਕੰਮਾਂ ਤੋਂ ਫਾਰਗ ਕਰਕੇ ਆਪਣੇ ਚਹੇਤੇ ਭਰਤੀ ਕੀਤੇ ਜਾ ਰਹੇ ਹਨ। ਕੱਚੇ ਮੁਲਾਜ਼ਮਾ ਦੀਆਂ ਬਰੇਕਾਂ ਪਾਕੇ ਉਹਨਾਂ ਦੀਆਂ ਤਨਖਾਹਾਂ ਕੱਟੀਆ ਜਾਂਦੀਆਂ ਹਨ, ਚੌਥਾ ਦਰਜਾ ਕਰਮੀਆਂ ਨੂੰ ਪਰਮੋਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ, ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਤਕਰੀਬਨ 600 ਚੌਥਾ ਦਰਜਾ ਕਰਮੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਇਨ੍ਹਾਂ ਖਾਲੀ ਅਸਾਮੀਆਂ ਵਿਰੁੱਧ ਕੱਚੇ ਕਰਮੀਆਂ ਨੂੰ ਪੱਕਾ ਕਰਨ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ। ਕਾਲਜਾਂ ਵਿੱਚ ਵਗਾਰਾਂ ਕਰਵਾਉਣ ਤੇ ਕੁਰੱਪਸ਼ਨ ਦਾ ਬੋਲਬਾਲਾ ਹੈ।
ਲੰਮੇ ਸਮੇਂ ਤੋਂ ਕਾਲਜਾਂ ਵਿੱਚ ਗਰਮ ਤੇ ਠੰਡੀਆਂ ਵਰਦੀਆਂ ਨਹੀਂ ਮਿਲ ਰਹੀਆਂ। ਪੰਜਾਬ ਵਿਚਲੇ ਕਾਲਜਾਂ ਦੇ ਚੌਥਾ ਦਰਜਾ ਕਰਮਚਾਰੀਆਂ ਕੱਚਿਆਂ ਤੇ ਪੱਕਿਆਂ ਦੀਆਂ ਮੰਗਾਂ ਤੇ ਹਾਲਾਤਾਂ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਸਮੇਤ ਉਚੇਰੀ ਸਿੱਖਿਆ ਸਕੱਤਰ ਪੰਜਾਬ ਸਰਕਾਰ ਤੇ ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਗਈਆਂ ਹਨ ਪਰੰਤੂ ਪਰਨਾਲਾ ਅੱਜ ਵੀ ਉੱਥੇ ਦਾ ਉੱਥੇ ਹੀ ਹੈ। ਜਿਸ ਕਰਕੇ ਸਮੁੱਚੇ ਕਾਲਜਾਂ ਅੱਗੇ ਅਰਥੀ ਫੂਕ ਰੈਲੀਆਂ ਕੀਤੀਆਂ ਗਈਆਂ ਹਨ। ਮੰਗ ਕੀਤੀ ਗਈ ਕਿ ਵੱਖ-ਵੱਖ ਵਿਭਾਗ ਵਿੱਚ ਕੰਮ ਕਰ ਰਹੇ ਵਰਕਚਾਰਜ, ਟੈਂਪਰੇਰੀ, ਦਿਹਾੜੀਦਾਰ, ਐਡਹਾਕ, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਘੱਟੋ-ਘੱਟ ਉਜਰਤਾਂ 26000 ਰੁਪਏ ਨਿਸ਼ਚਿਤ ਕਰਨ ਦੀ ਮੰਗ ਵੀ ਕੀਤੀ ਗਈ। ਮਿਤੀ 25 ਮਾਰਚ ਨੂੰ ਕਿਰਤ ਕਮਿਸ਼ਨਰ ਦਫਤਰ ਮੋਹਾਲੀ ਵਿਖੇ ਪੰਜਾਬ (ਏਟਕ) ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਅੱਜ ਦੇ ਇਸ ਐਕਸ਼ਨ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਹਰਪਾਲ ਸਿੰਘ ਮਚਾਕੀ, ਹਰਜਿੰਦਰ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਗਿੱਲ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਬਲਾਕ ਪ੍ਰਧਾਨ ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਸਿਧੂ, ਪਰਮਜੀਤ ਸਿੰਘ ਪੰਮਾ, ਸਿਕੰਦਰ ਸਿੰਘ, ਨੌਜਵਾਨ ਸਭਾ ਦੇ ਆਗੂ ਚਰਨਜੀਤ ਸਿੰਘ ਚਮੇਲੀ, ਸਟੂਡੈਂਟ ਆਗੂ ਹਰਵੀਰ ਕੌਰ, ਸੁਖਜਿੰਦਰ ਕੌਰ, ਸਰੋਜ ਕੌਰ, ਚਰਨਜੀਤ ਕੌਰ, ਅੰਗਰੇਜ਼ ਬਾਲਾ ਆਦਿ ਸ਼ਾਮਲ ਸਨ।