ਬਠਿੰਡਾ,14 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ. ਤਪਿਦਰਜੋਤ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਲੋਕਾਂ ਨੂੰ ਪੀ.ਸੀ.ਪੀ.ਐਨ.ਡੀ.ਟੀ ਐਕਟ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਨੈਸ਼ਨਲ ਗਰਲ ਚਾਈਲਡ ਦਿਵਸ ਦੇ ਸਬੰਧ ਵਿੱਚ ਸਿਵਲ ਸਰਜਨ ਬਠਿੰਡਾ ਵੱਲੋਂ ਪੀ.ਸੀ.ਪੀ.ਐਨ.ਡੀ.ਟੀ ਐਕਟ ਸਬੰਧੀ ਪੋਸਟਰ ਅਤੇ ਪੈਫਲੈਟ ਰੀਲੀਜ਼ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਅੰਤਰਰਾਸ਼ਟਰੀ ਗਰਲ ਚਾਈਲਡ ਦਿਵਸ ਹਰ ਸਾਲ 11 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸਾਲ 2012 ਵਿੱਚ ਕੀਤੀ ਗਈ ਸੀ, ਜਿਸ ਦਾ ਉਦੇਸ਼ ਲੜਕੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਉਸ ਦੇ ਜੀਵਨ ਦੇ ਹਰ ਖੇਤਰ ਵਿੱਚ ਸਮਾਨ ਮੌਕੇ ਯਕੀਨੀ ਬਣਾਉਣਾ ਹੈ। ਉਹਨਾਂ ਦੱਸਿਆ ਕਿ ਜਦੋਂ ਇੱਕ ਲੜਕੀ ਨੂੰ ਸਿੱਖਿਆ, ਸਿਹਤ, ਸੁਰੱਖਿਆ ਤੇ ਆਤਮ ਨਿਰਭਰਤਾ ਪ੍ਰਾਪਤ ਹੁੰਦੀ ਹੈ, ਤਦੋਂ ਪੂਰਾ ਸਮਾਜ ਅੱਗੇ ਵਧਦਾ ਹੈ। ਸਾਨੂੰ ਲੜਕੀਆਂ ਅਤੇ ਲੜਕਿਆਂ ਵਿੱਚ ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਲੜਕੀਆਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਲੜਕਿਆ ਦੇ ਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਸਾਨੂੰ ਮੁੰਡਿਆਂ ਦੀ ਲੋਹੜੀ ਦੀ ਤਰ੍ਹਾਂ ਧੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ। ਸਮਾਜ ਵਿੱਚੋ ਦਹੇਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨਾ ਚਾਹੀਦਾ ਹੈ। ਸਮਾਜ ਵਿੱਚ ਲੜਕੀਆਂ ਨਾਲ ਹੋ ਰਹੀਆਂ ਘਨਾਉਣੀਆਂ ਹਰਕਤਾਂ ਨੂੰ ਨੱਥ ਪਾਉਣੀ ਚਾਹੀਦੀ ਹੈ। ਸਾਨੂੰ ਲੜਕਿਆਂ ਨੂੰ ਵੀ ਕੁੜੀਆਂ ਦੀ ਇੱਜ਼ਤ ਕਰਨ ਲਈ ਸਮਝਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਿਸ਼ੋਰੀਆਂ ਲਈ ਆਇਰਨ ਫੋਲਿਕ ਐਸਿਡ ਟੈਬਲੈਟ ,ਟੀਕਾਕਰਣ ਪ੍ਰੋਗਰਾਮ, ਮਾਸਿਕ ਧਰਮ ਸਫ਼ਾਈ ਬਾਰੇ ਜਾਗਰੂਕਤਾ ਕੈਂਪ, ਅਤੇ ਬਾਲੜੀ ਰਕਸ਼ਕ ਯੋਜਨਾ ਚਲਾਈ ਜਾ ਰਹੀ ਹੈ । ਉਹਨਾਂ ਸਿਹਤ ਵਿਭਾਗ ਵੱਲੋਂ ਭਰੂਣ ਹੱਤਿਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਦਿਆਂ ਕਿਹਾ ਕਿ ਜਿਲਾ ਪੱਧਰ ਤੋਂ ਰਾਜ ਪੱਧਰ ਤੱਕ ਪੀ.ਸੀ.ਪੀ.ਐਨ.ਡੀ.ਟੀ ਐਕਟ ਨੂੰ ਸੂਚਾਰੂ ਢੰਗ ਨਾਲ ਚਲਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜੇਕਰ ਕੋਈ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਂਦਾ ਹੈ। ਪੀ.ਸੀ.ਪੀ.ਐਨ.ਡੀ.ਟੀ ਦੀ ਇੰਨਬਿੰਨ ਪਾਲਣਾ ਕੀਤੀ ਜਾਵੇ ਤਾਂ ਜ਼ੋ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗਰਭਵਤੀ ਔਰਤ ਦੇ ਅਲਟ੍ਰਾਸਾਊਂਡ ਲਈ ਸਿਰਫ ਮਾਹਿਰ ਡਾਕਟਰ ਹੀ ਰੈਫਰ ਕਰ ਸਕਦੇ ਹਨ। ਇਸ ਐਕਟ ਅਧੀਨ ਲਿੰਗ ਪਛਾਣ ਜਾਂ ਲਿੰਗ ਦੀ ਆਧਾਰਤ ਭਰੂਣ ਹੱਤਿਆ ਕਰਨਾ ਕਾਨੂੰਨੀ ਉਲੰਘਣਾ ਹੈ, ਜਿਸ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੈ। ਇਸ ਐਕਟ ਅਧੀਨ ਕੋਈ ਵੀ ਡਾਕਟਰ, ਲੈਬ ਜਾਂ ਜਨਮ ਪੂਰਵ ਜਾਂ ਪ੍ਰੀ-ਕਨਸੈਪਸ਼ਨ ਜਾਂਚ ਦੌਰਾਨ ਲਿੰਗ ਦੀ ਪਛਾਣ ਨਹੀਂ ਕਰ ਸਕਦੇ,ਹਰ ਕਲੀਨਿਕ ਜਾਂ ਅਲਟਰਾਸਾਂਊਡ ਸੈਂਟਰ ਨੂੰ ਰਜਿਸਟਰ ਹੋਣਾ ਲਾਜ਼ਮੀ ਹੈ, PCPNDT ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜੇਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ,ਹਰ ਸੈਂਟਰ ‘ਤੇ ‘ਲਿੰਗ ਪਛਾਣ ਕਰਨਾ ਕਾਨੂੰਨੀ ਜੁਰਮ ਹੈ’ ਦਾ ਬੋਰਡ ਲਗਾਉਣਾ ਲਾਜ਼ਮੀ ਹੈ । ਉਨ੍ਹਾਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਅਤੇ ਸਿਹਤ ਸਿਰਫ਼ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ। ਹਰ ਮਾਪੇ ਨੂੰ ਆਪਣੀ ਬੇਟੀ ਨੂੰ ਖੁੱਲ੍ਹੀ ਸੋਚ ਅਤੇ ਉੱਚ ਸਿੱਖਿਆ ਦੇ ਮੌਕੇ ਦੇਣੇ ਚਾਹੀਦੇ ਹਨ।”
ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ, ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ, ਡਾ ਮੀਨੂੰ, ਡੀ.ਪੀ.ਐਮ ਗਾਇਤਰੀ ਮਹਾਜਨ,ਪੀ.ਸੀ.ਪੀ.ਐਨ.ਡੀ.ਟੀ ਕੁਆਰਡੀਨੇਟਰ ਸੁਮਨ ਬਾਲਾ, ਕੁਲਵੰਤ ਸਿੰਘ ਅਤੇ ਮੇਘਨਾ ਆਦਿ ਹਾਜ਼ਰ ਸਨ ।