ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ”, ਜਨਤਕ ਆਗੂਆਂ ਨੇ ਕੀਤੀ ਮੰਗ
ਕੋਟਕਪੂਰਾ, 8 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ 5 ਫਰਵਰੀ ਦੀ ਸ਼ਾਮ ਨੂੰ ਜੈਤੋ ਹਲਕੇ ਦੇ ਪਿੰਡ ਚੰਦਭਾਨ ਪਿੰਡ ਦੇ ਮੌਜੂਦਾ ਸਰਪੰਚ ਬੀਬੀ ਅਮਨਦੀਪ ਕੌਰ ਅਤੇ ਉਸਦੇ ਪਤੀ ਕੁਲਦੀਪ ਸਿੰਘ ਦੀ ਅਗਵਾਈ ਹੇਠ ਸੜਕ ’ਤੇ ਧਰਨਾ ਦੇ ਰਹੇ ਗਰੀਬ ਪਿੰਡ ਵਾਸੀਆਂ ਤੇ ਜਿਲੇ ਦੇ ਵੱਖ-ਵੱਖ ਥਾਣਿਆਂ ਤੋਂ ਬੁਲਾਈ ਭਾਰੀ ਪੁਲਿਸ ਫੋਰਸ ਵੱਲੋਂ ਘੇਰ ਕੇ ਜ਼ਬਰਦਸਤ ਲਾਠੀਚਾਰਜ ਕਰਨ ਦੀ ਲੋਕ ਨੁਮਾਇੰਦਿਆਂ ਨੇ ਸਖ਼ਤ ਨਿਖੇਧੀ ਕਰਦਿਆਂ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ। ਪਤਾ ਲੱਗਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਮੌਜੂਦਾ ਸਰਪੰਚ ਦੀ ਧਿਰ ਦੇ 39 ਮਰਦ ਅਤੇ ਤਿੰਨ ਬੀਬੀਆਂ ਸਮੇਤ 42 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜਿੰਨਾਂ ਵਿੱਚੋਂ ਸਰਪੰਚਨੀ ਦੇ ਪਤੀ ਕੁਲਦੀਪ ਸਿੰਘ ਸਮੇਤ ਤਿੰਨ ਵਿਅਕਤੀਆਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਬਾਕੀ ਪਿੰਡ ਵਾਸੀਆਂ ਨੂੰ ਫਰੀਦਕੋਟ ਜੇਲ ਭੇਜ ਦਿੱਤਾ ਗਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲਾ ਸਕੱਤਰ ਅਸ਼ੋਕ ਕੌਸ਼ਲ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਮਨਇੰਦਰ ਸਿੰਘ ਬਰਾੜ, ਸਰਪੰਚ ਮਚਾਕੀ ਖੁਰਦ ਅਤੇ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਨੇ ਥਾਣਾ ਜੈਤੋ ਵਿਖੇ ਗਿ੍ਰਫਤਾਰ ਸਾਥੀਆਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਿਊਟੀ ਤੇ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਰਿਮਾਂਡ ’ਤੇ ਲਏ ਤਿੰਨ ਵਿਅਕਤੀਆਂ ਬਾਰੇ ਉਹ ਕੁਝ ਨਹੀ ਦੱਸ ਸਕਦੇ ਕਿ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਹੈ। ਦੂਜੇ ਪਾਸੇ ਪਿੰਡ ਦੇ ਜੋਰਾਵਰ ਧਨਾਢ ਵਿਅਕਤੀਆਂ ’ਤੇ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ, ਜਿੰਨਾਂ ਕਾਰਨ ਸਾਰਾ ਮਾਮਲਾ ਗਲਤ ਰੰਗਤ ਲੈ ਗਿਆ ਅਤੇ ਜਿੰਨਾਂ ਦੇ ਫਾਇਰਿੰਗ ਕਰਨ ਦੀ ਵੀਡੀਓ ਵੀ ਵਾੲਰਲ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਸਾਰੇ ਮਾਮਲੇ ਨੂੰ ਬਹੁਤ ਹੀ ਕੁਚੱਜੇ ਅਤੇ ਵਹਿਸ਼ੀ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਲੋਕਾਂ ਦੇ ਚੁਣੇ ਸਰਪੰਚ ਅਤੇ ਪੰਚਾਇਤ ਨਾਲ ਘਟੀਆ ਸਲੂਕ ਕਰਕੇ ਹਾਲਤ ਨੂੰ ਵਿਗਾੜਿਆ ਗਿਆ ਹੈ। ਉਹਨਾਂ ਮੰਗ ਕੀਤੀ ਕਿ ਝੂਠੇ ਮੁਕੱਦਮੇ ਰੱਦ ਕਰਕੇ ਸਾਰੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖੁਦ ਦਖਲ ਦੇਣ ਅਤੇ ਲੋਕਾਂ ’ਤੇ ਤਸ਼ੱਦਦ ਕਰਨ ਵਾਲੇ ਅਫਸਰਾਂ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
