ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਕੁਦਰਤ ਦੁਆਰਾ ਬਖ਼ਸ਼ੀ ਕਲਾ ਨੂੰ ਨਿਖ਼ਾਰ ਕੇ ਲੋਕਾਈ ਦੇ ਸਨਮੁੱਖ ਪ੍ਰਗਟਾਵਾ ਕਰਨ ਦੀ ਕੋਈ ਉਮਰ-ਸੀਮਾ ਨਿਸ਼ਚਿਤ ਨਹੀਂ ਹੁੰਦੀ। ਗਾਇਕੀ ਵੀ ਇਹਨਾਂ ਖ਼ੂਬਸੂਰਤ ਕਲਾਵਾਂ ਵਿੱਚੋਂ ਇੱਕ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸ਼ਾਇਰ ਕੁਲਵਿੰਦਰ ਵਿਰਕ ਨੇ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਬਾਲ-ਗਾਇਕ ਗੁਰਕਮਲ ਮੱਟੂ ਅਜਿਹੇ ਹੀ ਇੱਕ ਗਾਇਕ ਵਜੋਂ ਪੇਸ਼ ਹੋਇਆ ਹੈ, ਜਿਸ ਨੇ ਛੋਟੀ ਉਮਰੇ ਗਾਇਕੀ ਦੇ ਖੇਤਰ ਵਿੱਚ ਆਪਣੇ ਪਹਿਲੇ ਗੀਤ ਰਾਹੀਂ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪ੍ਰਸਿੱਧ ਲੋਕ-ਗਾਇਕ ਇੰਦਰ ਮਾਨ ਦੀ ਅਗਵਾਈ ਹੇਠ ਕੇ.ਡਬਲਯੂ.ਐੱਮ. ਰਿਕਾਰਡ ਕੰਪਨੀ ਵਿੱਚ ਗੁਰਕਮਲ ਮੱਟੂ ਦਾ ਪਹਿਲਾ ਲੋਕ-ਤੱਥ ‘ਬਾਜ਼’ ਵਿਸ਼ਵ-ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ। ਇਸ ਲੋਕ-ਤੱਥ ਨੂੰ ਲਿਖਿਆ ਅਤੇ ਪੇਸ਼ ਕੀਤਾ ਹੈ ਬਲਵਿੰਦਰ ਮੰਡ ਨੇ। ਰਵਿੰਦਰ ਟੀਨਾ ਅਤੇ ਸੰਗੀਤ ਕੰਡਿਆਰਾ ਨੇ ਸੰਗੀਤ ਤਿਆਰ ਕੀਤਾ ਹੈ। ਹਰਜੋਤ ਨਟਰਾਜ ਦੀ ਪੋਸਟ ਪ੍ਰੋਡਕਸ਼ਨ ਹੇਠ ਵੀਡੀਓ ਫ਼ਿਲਮਾਂਕਣ ਓਪੀ ਬੰਟੂ ਦੁਆਰਾ ਕੀਤਾ ਗਿਆ ਹੈ। ਲੋਕ-ਗਾਇਕ ਇੰਦਰ ਮਾਨ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਕਮਲ ਮੱਟੂ ਉਹਨਾਂ ਦਾ ਅਜਿਹਾ ਵਿਦਿਆਰਥੀ ਹੈ, ਜਿਸ ਅੰਦਰ ਗਾਇਕੀ ਦੀ ਪ੍ਰਤਿਭਾ ਕੁਦਰਤ ਵੱਲੋਂ ਹੀ ਭਰੀ ਗਈ ਹੈ। ਉਹਨਾਂ ਨੇ ਅਣਥੱਕ ਮਿਹਨਤ ਨਾਲ ਇਸ ਬਾਲ-ਗਾਇਕ ਦੇ ਇਸ ਗੀਤ ਅਤੇ ਵੀਡੀਓ ਨੂੰ ਤਿਆਰ ਕੀਤਾ ਹੈ, ਜਿਸ ਨੂੰ ਕੋਟਕਪੂਰਾ ਦੇ ਨੇੜਲੇ ਪਿੰਡਾਂ ਦੀਆਂ ਥਾਵਾਂ ਅਤੇ ਸੱਥਾਂ ਵਿੱਚ ਫ਼ਿਲਮਾਇਆ ਗਿਆ ਹੈ। ਇਸ ਬਾਲ-ਗਾਇਕ ਦੀ ਇਸ ਪਹਿਲੀ ਅਤੇ ਸ਼ਾਨਦਾਰ ਪੇਸ਼ਕਾਰੀ ਦੇ ਰਿਲੀਜ਼ ਹੋਣ ’ਤੇ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਸਮੁੱਚੀ ਮੈਨੇਜਮੈਂਟ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਅਧਿਆਪਕ ਸਾਹਿਬਾਨ, ਗੀਤਕਾਰ ਮਜਿੰਦਰ ਗੋਲ੍ਹੀ, ਗਾਇਕ ਕੁਲਦੀਪ ਸੁੱਖ, ਹਰਮੇਸ਼ ਸਿੰਘ ਅਤੇ ਸ਼ਿਵਨਾਥ ਦਰਦੀ ਤੋਂ ਇਲਾਵਾ ਪਿੰਡ ਰੋੜੀਕਪੂਰਾ ਦੇ ਨਿਵਾਸੀਆਂ ਅਤੇ ਸੰਗੀਤ-ਇੰਡਸਟਰੀ ਨਾਲ ਜੁੜੀਆਂ ਅਨੇਕਾਂ ਨਾਮਵਰ ਸ਼ਖਸ਼ੀਅਤਾਂ ਨੇ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

