ਹੇਵਰਡ, 8 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ 13 ਜੁਲਾਈ 2025 (ਐਤਵਾਰ) ਨੂੰ ਹੇਵਰਡ ਵਿਖੇ ਵਿਸ਼ੇਸ਼ ਸਾਹਿਤਕ ਬੈਠਕ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬੀ ਸ਼ਾਇਰ ਜਗਜੀਤ ਨੌਸ਼ਹਿਰਵੀ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ਉੱਪਰ ਵਿਚਾਰ ਗੋਸ਼ਟੀ ਕੀਤੀ ਜਾਏਗੀ। ਇਹ ਬੈਠਕ ਸੈਫਾਇਰ ਬੈਂਕੁਇਟ ਹਾਲ, 24989 Santa Clara St, Hayward, California ਵਿੱਚ ਦੁਪਹਿਰ 12 ਵਜੇ ਸ਼ੁਰੂ ਹੋਏਗੀ।
ਇਹ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਨੇ ਦੱਸਿਆ ਹੈ ਕਿ ਜਗਜੀਤ ਨੌਸ਼ਹਿਰਵੀ ਲੰਮੇਂ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜਿਆ ਹੋਇਆ ਹੈ। ਉਹ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੀਫ਼ੋਰਨੀਆ ਦਾ ਮੁੱਢਲਾ ਮੈਂਬਰ ਹੈ ਅਤੇ ਕਈ ਵਰ੍ਹਿਆਂ ਤੋਂ ਇਸ ਦੇ ਜਰਨਲ ਸਕੱਤਰ ਵੱਜੋਂ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ‘ਹਾਲ ਉਥਾਈਂ ਕਹੀਏ’ ਉਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਗ਼ਜ਼ਲਾਂ, ਗੀਤ ਅਤੇ ਕਵਿਤਾਵਾਂ ਸ਼ਾਮਲ ਹਨ। ਸਾਹਿਤਕ ਹਲਕਿਆਂ ਵਿੱਚ ਇਸ ਕਿਤਾਬ ਦਾ ਵਿਸ਼ੇਸ਼ ਚਰਚਾ ਹੈ। ਵਿਪਸਾਅ ਜਗਜੀਤ ਦੀ ਇਸ ਪ੍ਰਾਪਤੀ ‘ਤੇ ਮਾਣ ਕਰਦੀ ਹੈ।
ਇਸ ਬੈਠਕ ਦੇ ਅੰਤ ਵਿੱਚ ਕਵੀ ਦਰਬਾਰ ਹੋਵੇਗਾ ਜਿਸ ਵਿਚ ਹਾਜਰ ਸ਼ਾਇਰ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ।