ਚੰਡੀਗੜ੍ਹ, 23 ਜਨਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ, ਨਡਾਲਾ ਕਪੂਰਥਲਾ ਵਿੱਚ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਸਕੂਲ ਪ੍ਰਬੰਧਕ ਡਾ. ਆਸਾ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਵਿਸ਼ੇ ਮਾਹਿਰ ਵਜੋਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ, ਬਲਵਿੰਦਰ ਸਿੰਘ ਚੱਠਾ, ਯੂਐੱਸਏ ਅਤੇ ਸੌਦਾਗਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਵਰਕਸ਼ਾਪ ਵਿੱਚ 50 ਅਧਿਆਪਕਾਂ ਨੇ ਹਿੱਸਾ ਲਿਆ।
ਜ਼ਿਕਰਯੋਗ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਭਾਰਤ ਵਿੱਚ ਦਸੰਬਰ 2024 ਤੋਂ ਫ਼ਰਵਰੀ 2025 ਤੱਕ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਸਿਖਲਾਈ ਵਰਕਸ਼ਾਪ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਵਿੱਚ ਪੰਜ ਵਿਸ਼ੇ ਭਾਸ਼ਣ ਕਲਾ, ਨੈਤਿਕਤਾ, ਪੜਾਉਣ ਵਾਲਾ ਮਾਹੌਲ ਸਿਰਜਣਾ, ਪੰਜਾਬੀ ਭਾਸ਼ਾ ਤੇ ਕਾਮਯਾਬ ਜ਼ਿੰਦਗੀ ਜਿਉਣ ਦੇ ਹੁਨਰ ਰੱਖੇ ਗਏ ਹਨ ਜਿਸ ‘ਤੇ ਵਿਸ਼ੇ ਮਾਹਿਰਾਂ ਵੱਲੋਂ ਚਰਚਾ ਕੀਤੀ ਜਾਂਦੀ ਹੈ।
ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਅਧਿਆਪਕਾਂ ਨੇ ਜਗਤ ਪੰਜਾਬੀ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਨਿਵੇਕਲਾ ਕਾਰਜ ਦੱਸਿਆ ਜਿਸ ਨਾਲ ਵਿਸ਼ੇ ਤੋਂ ਇਲਾਵਾ ਸਮਾਜ ਵਿੱਚ ਰਹਿਣ ਲਈ ਤੇ ਇਕ ਵਿਅਕਤੀ ਦੀ ਸ਼ਖ਼ਸੀਅਤ ਸਿਰਜਣਾ ਲਈ ਅਹਿਮ ਨੇਮਾਂ ਬਾਰੇ ਚਰਚਾ ਕੀਤੀ ਗਈ ਹੈ।
ਵਰਕਸ਼ਾਪ ਦੀ ਸਮਾਪਤੀ ‘ਤੇ ਸਕੂਲ ਪ੍ਰਬੰਧਕ ਡਾ. ਆਸਾ ਸਿੰਘ ਘੁੰਮਣ ਨੇ ਜਗਤ ਪੰਜਾਬੀ ਕੈਨੇਡਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਰਕਸ਼ਾਪ ਨੂੰ ਸਾਡੇ ਸਕੂਲ ਵਿੱਚ ਅਯੋਜਿਤ ਕਰਕੇ ਸਾਡੇ ਅਧਿਆਪਕਾਂ ਨੂੰ ਅਧਿਆਪਕ ਸਿਖਲਾਈ ਵਰਕਸ਼ਾਪ ਦੀ ਲੜੀ ਦਾ ਹਿੱਸਾ ਬਣਾਇਆ ਗਿਆ ਹੈ।
ਇਸ ਮੌਕੇ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਸਤਿਕਾਰ ਵਜੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।