
ਚੰਡੀਗੜ੍ਹ, 17 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਰਹਿਨੁਮਾਈ ਅਧੀਨ “ਅਧਿਆਪਕ ਸਿਖਲਾਈ ਵਰਕਸ਼ਾਪ” ਦਾ ਆਯੋਜਨ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਨਾਭਾ ਵਿਖੇ ਕੀਤਾ ਗਿਆ । ਇਸ ਵਰਕਸ਼ਾਪ ਵਿੱਚ 102 ਸਿਖਿਆਰਥੀ ਨੇ ਭਾਗ ਲਿਆ ਅਤੇ ਵਿਸ਼ੇ ਮਾਹਿਰਾਂ ਵਜੋਂ ਚੇਅਰਮੈਨ ਅਜੈਬ ਸਿੰਘ ਚੱਠਾ, ਮੈਡਮ ਸ਼ਸ਼ੀ ਬਾਲਾ ਅਤੇ ਗੁਰਵੀਰ ਸਿੰਘ ਸਰੌਦ ਨੇ ਸ਼ਿਰਕਤ ਕੀਤੀ ।
ਗੌਰਤਲਬ ਹੈ ਕਿ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਭਾਰਤ ਵਿੱਚ ਦਸੰਬਰ 2024 ਤੋਂ ਫ਼ਰਵਰੀ 2025 ਤੱਕ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕ ਸਿਖਲਾਈ ਵਰਕਸ਼ਾਪ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਜਿਸ ਵਿੱਚ ਪੰਜ ਵਿਸ਼ੇ ਭਾਸ਼ਣ ਕਲਾ, ਪੜਾਉਣ ਵਾਲਾ ਮਾਹੌਲ ਸਿਰਜਣਾ, ਕਾਮਯਾਬ ਜਿੰਦਗੀ ਜਿਉਣ ਲਈ ਹੁਨਰ ਤੇ ਪੰਜਾਬੀ ਭਾਸ਼ਾ ਰੱਖੇ ਗਏ ਹਨ। ਜਿਸ ‘ਤੇ ਵਿਸ਼ੇ ਮਾਹਿਰਾਂ ਵੱਲੋਂ ਚਰਚਾ ਕੀਤੀ ਜਾਂਦੀ ਹੈ।
ਵਰਕਸ਼ਾਪ ਦਾ ਸਮੁੱਚਾ ਪ੍ਰਬੰਧ ਡਾਇਟ ਨਾਭਾ ਦੇ ਪ੍ਰਿੰਸੀਪਲ ਸੰਦੀਪ ਨਾਗਰ ਦੇ ਸਹਿਯੋਗ ਅਤੇ ਨਿਗਰਾਨੀ ਹੇਠ ਕੀਤਾ ਗਿਆ। ਵਰਕਸ਼ਾਪ ਦਾ ਸੰਚਾਲਨ ਯਾਦਵਿੰਦਰ ਸਿੰਘ ਨੇ ਕੀਤਾ ਅਤੇ ਵਿਸ਼ੇ ਮਾਹਿਰਾਂ ਵਜੋਂ ਪਹੁੰਚੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਨੈਤਿਕਤਾ, ਗੁਰਵੀਰ ਸਿੰਘ ਸਰੌਦ ਨੇ ਭਾਸ਼ਣ ਕਲਾ ਅਤੇ ਮੈਡਮ ਸ਼ਸ਼ੀ ਬਾਲਾ ਨੇ ਪੜਾਉਣ ਵਾਲਾ ਮਾਹੌਲ ਸਿਰਜਣਾ ‘ਤੇ ਚਰਚਾ ਕੀਤੀ। ਵਰਕਸ਼ਾਪ ਦੇ ਸ਼ੁਰੂਆਤੀ ਸਮੇਂ ਸਿਖਿਆਰਥੀਆ ਦੀ ਬੌਧਿਕ ਪਰਖ ਦੇ ਅਧਾਰਿਤ ਕੁਝ ਲਿਖਤੀ ਪ੍ਰਸ਼ਨ ਲਿਖਵਾਏ ਗਏ ਅਤੇ ਸਮਾਪਤੀ ‘ਤੇ ਉਨ੍ਹਾਂ ਦਾ ਫੀਡਬੈਕ ਲਿਆ ਗਿਆ। ਚੇਅਰਮੈਨ ਅਜੈਬ ਸਿੰਘ ਚੱਠਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੈਤਿਕ ਗੁਣਾਂ ਤੋਂ ਬਿਨਾਂ ਇੱਕ ਮਨੁੱਖ ਸਮਾਜ ਲਈ ਚੰਗਾ ਮਨੁੱਖ, ਚੰਗਾ ਅਧਿਆਪਕ, ਚੰਗਾ ਡਾਕਟਰ, ਚੰਗਾ ਇੰਜੀਨੀਅਰ ਨਹੀਂ ਬਣ ਸਕਦਾ ਬਲਕਿ ਉਹ ਸਮਾਜ ਦਾ ਨੁਕਸਾਨ ਹੀ ਕਰੇਗਾ। ਇਸ ਲਈ ਮਾਨਵੀ ਜੀਵਨ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਹੋਣਾ ਬੜਾ ਲਾਜ਼ਮੀ ਹੈ।
ਡਾਇਟ ਦੇ ਪ੍ਰਿੰਸੀਪਲ ਸੰਦੀਪ ਨਾਗਰ ਨੇ ਜਗਤ ਪੰਜਾਬੀ ਸਭਾ ਵੱਲੋਂ ਵਰਕਸ਼ਾਪ ਆਯੋਜਿਤ ਕਰਨ ‘ਤੇ ਚੇਅਰਮੈਨ ਅਜੈਬ ਸਿੰਘ ਚੱਠਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਮਨੁੱਖ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਵਰਕਸ਼ਾਪ ਦੇ ਸਮਾਪਤੀ ‘ਤੇ ਵਿਸ਼ੇ ਮਾਹਿਰ ਵਜੋਂ ਸ਼ਾਮਿਲ ਹੋਏ ਚੇਅਰਮੈਨ ਅਜੈਬ ਸਿੰਘ ਚੱਠਾ, ਮੈਡਮ ਸ਼ਸ਼ੀ ਬਾਲਾ ਤੇ ਗੁਰਵੀਰ ਸਿੰਘ ਸਰੌਦ ਨੂੰ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਸਨਮਾਨਿਤ ਚਿੰਨ ਭੇਂਟ ਕੀਤੇ ਗਏ।