ਬਰੇਟਾ: 12 ਅਗਸਤ (ਵਰਲਡ ਪੰਜਾਬੀ ਟਾਈਮਜ਼)
ਇਥੋਂ ਦੇ ਸਾਹਿਤਕਾਰ ਅਤੇ ਭਾਰਤੀ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਵਿਜੇਤਾ ਜਗਦੀਸ਼ ਰਾਏ ਕੁਲਰੀਆਂ ਵੱਲੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤੀ ਨਵੀਂ ਪੁਸਤਕ ‘ਮਰਾਠਾ ਰਾਜ ਦੇ ਬਾਨੀ ਛਤਰਪਤੀ-ਸ਼ਿਵਾਜੀ’ ਨੂੰ ਸਥਾਨਕ ਸਾਹਿਤ ਤੇ ਕਲਾ ਮੰਚ ਵੱਲੋਂ ਦੀ ਬਰੇਟਾ ਕੋ-ਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਬਰੇਟਾ ਵਿਚ ਕਰਵਾਏ ਇਕ ਸਾਦੇ ਸਮਾਗਮ ਵਿਚ ਲੋਕ ਅਰਪਣ ਕੀਤਾ ਗਿਆ। ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਸਾਹਿਤ ਤੇ ਕਲਾ ਮੰਚ ਪੰਜਾਬ ਦੇ ਸਰਪ੍ਰਸਤ ਦਰਸ਼ਨ ਸਿੰਘ ਬਰੇਟਾ, ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬੀਰ ਇੰਦਰ ਬਨਭੌਰੀ, ਤ੍ਰੈਮਾਸਿਕ ਮਿੰਨੀ ਦੇ ਸੰਪਾਦਕ ਕੁਲਵਿੰਦਰ ਕੌਸ਼ਲ, ਲਿਖਾਰੀ ਸਭਾ ਰੋੜਕੀ ਦੇ ਪ੍ਰਧਾਨ ਐਡਵੋਕੇਟ ਗੁਰਸੇਵਕ ਸਿੰਘ ਰੋੜਕੀ ਅਤੇ ਅਨੁਵਾਦਕ ਜਗਦੀਸ਼ ਰਾਏ ਕੁਲਰੀਆਂ ਨੇ ਅਦਾ ਕੀਤੀ। ਇਸ ਮੌਕੇ ਤੇ ਵਿਚਾਰ ਰੱਖਦਿਆ ਪ੍ਰਿੰਸੀਪਲ ਬਰੇਟਾ ਨੇ ਕਿਹਾ ਕਿ ਸ਼੍ਰੀ ਕੁਲਰੀਆਂ ਵੱਲੋਂ ਲਗਾਤਾਰ ਅਨੁਵਾਦ ਦੇ ਖੇਤਰ ਵਿਚ ਵੱਡਾ ਕਾਰਜ ਕੀਤਾ ਜਾ ਰਿਹਾ ਹੈ। ਇਸ ਸਾਲ ਵੀ ਇਨ੍ਹਾਂ ਦੀਆਂ ਅਨੁਵਾਦ ਦੀਆਂ ਚਾਰ ਕਿਤਾਬਾਂ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜੋ ਕਿ ਬਹੁਤ ਮੁੱਲਵਾਨ ਕਿਤਾਬਾਂ ਹਨ। ਕੁਲਵਿੰਦਰ ਕੌਸ਼ਲ ਨੇ ਕਿਹਾ ਕਿ ਪੰਜਾਬੀ ਪਾਠਕਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਕੁਝ ਚੰਗੀਆਂ ਪੁਸਤਕਾਂ ਦੇ ਅਨੁਵਾਦ ਪੜ੍ਹਨ ਨੂੰ ਮਿਲ ਰਹੇ ਹਨ। ਕੁਲਰੀਆਂ ਦੇ ਅਨੁਵਾਦ ਵਧੀਆ ਅਤੇ ਚੰਗੀਆਂ ਲਿਖਤਾਂ ਦੇ ਹਨ। ਸ਼੍ਰੀ ਬਨਭੌਰੀ ਨੇ ਕਿਹਾ ਕਿ ਅਨੁਵਾਦ ਦਾ ਕੰਮ ਬਹੁਤ ਔਖਾ ਹੈ, ਇਸ ਨੂੰ ਸਿਰੜੀ ਬੰਦੇ ਹੀ ਕਰ ਸਕਦੇ ਹਨ। ਅਨੁਵਾਦ ਇਕ ਤਰਾਂ ਨਾਲ ਮੂਲ ਲੇਖਨ ਨਾਲੋਂ ਵੀ ਜਿਆਦਾ ਮਿਹਨਤ ਦੀ ਮੰਗ ਕਰਦਾ ਹੈ। ਉਨ੍ਹਾਂ ਸਫ਼ਲ ਅਨੁਵਾਦ ਲਈ ਜਗਦੀਸ਼ ਕੁਲਰੀਆਂ ਨੂੰ ਵਧਾਈ ਵੀ ਦਿਤੀ। ਐਡਵੋਕੇਟ ਰੋੜਕੀ ਨੇ ਕਿਹਾ ਕਿ ਜੇਕਰ ਕਿਸੇ ਨੇ ਚੰਗੇ ਅਨੁਵਾਦ ਨੂੰ ਪੜ੍ਹਨਾ ਹੈ ਤਾਂ ਉਹ ਕੁਲਰੀਆਂ ਦੀਆਂ ਅਨੁਵਾਦਿਤ ਪੁਸਤਕਾਂ ਨੂੰ ਪੜ੍ਹ ਸਕਦਾ ਹੈ। ਇਸ ਮੌਕੇ ਤੇ ਹੋਰ ਵੀ ਸਾਹਿਤਕ ਪ੍ਰੇਮੀ ਹਾਜ਼ਰ ਸਨ।
ਫੋਟੋ: ਜਗਦੀਸ਼ ਰਾਏ ਕੁਲਰੀਆਂ ਵੱਲੋਂ ਅਨੁਵਾਦਿਤ ਪੁਸਤਕ ‘ਸ਼ਿਵਾਜੀ’ ਨੂੰ ਰਿਲੀਜ਼ ਕਰਦੇ ਹੋਏ ਸਾਹਿਤਕਾਰ।