ਚਾਈਨਾ ਡੋਰ ਦੇ ਖਤਰਨਾਕ ਨਤੀਜਿਆਂ ਪ੍ਰਤੀ ਸਾਵਧਾਨ ਕਰਨ ਵਾਲਾ ਪੋਸਟਰ ਕੀਤਾ ਰਿਲੀਜ਼
ਕੋਟਕਪੂਰਾ, 29 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰਾਂ ਇਸ ਵਾਰ ਵੀ ਚਾਈਨਾ ਡੋਰ ਦੇ ਮੁਕੰਮਲ ਖਾਤਮੇ ਲਈ ਯਤਨਸ਼ੀਲ ਜਨਰਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਵਿਪਨ ਕੁਮਾਰ ਬਿੱਟੂ ਦੇ ਯਤਨਾ ਸਦਕਾ ਮੈਡਮ ਵੀਰਪਾਲ ਕੌਰ ਉਪ ਮੰਡਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਚਾਈਨਾ ਡੋਰ ਖਰੀਦਣ ਵਾਲਿਆਂ ਨੂੰ ਸਾਵਧਾਨ ਕਰਨ ਸਬੰਧੀ ਇਕ ਪੋਸਟਰ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਵਾਲਿਆਂ ’ਚ ਉਪਰੋਕਤ ਤੋਂ ਇਲਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਪਰਮਜੀਤ ਸਿੰਘ ਬਰਾੜ ਤਹਿਸੀਲਦਾਰ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ, ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਅਤੇ ਅਮਰਇੰਦਰ ਸਿੰਘ ਕਾਰਜ ਸਾਧਕ ਅਫਸਰ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ। ਵਿਪਨ ਬਿੱਟੂ ਨੇ ਆਖਿਆ ਕਿ ਇਸ ਪੋਸਟਰ ਰਾਹੀਂ ਪਤੰਗਬਾਜੀ ਕਰਨ ਦੇ ਸ਼ੌਕੀਨਾ ਸਮੇਤ ਆਮ ਲੋਕਾਂ ਨੂੰ ਸਮਝਾਉਣ ਦੀ ਕੌਸ਼ਿਸ਼ ਕੀਤੀ ਗਈ ਹੈ ਕਿ ਲਾਪ੍ਰਵਾਹੀ ਨਾਲ ਖਰੀਦੀ ਗਈ ਡੋਰ ਜੇਕਰ ਚਾਈਨਾ ਡੋਰ ਹੋਈ ਤਾਂ ਇਹ ਤੁਹਾਡੇ ਬੱਚਿਆਂ ਸਮੇਤ ਪਸ਼ੂ-ਪੰਛੀਆਂ, ਵਾਹਨ ਚਾਲਕਾਂ, ਰਾਹਗੀਰਾਂ, ਆਮ ਲੋਕਾਂ ਅਤੇ ਖੁਦ ਦੁਕਾਨਦਾਰਾਂ ਲਈ ਵੀ ਨੁਕਸਾਨਦਾਇਕ ਹੋ ਸਕਦੀ ਹੈ। ਉਹਨਾਂ ਦਾਅਵਾ ਕੀਤਾ ਕਿ ਇਸ ਡੋਰ ਉਪਰ ਲੱਗਿਆ ਮਟੈਲਿਕ ਪਾਊਡਰ ਬਿਜਲੀ ਦੀ ਤਾਰ ਨੂੰ ਛੂਹਣ ਨਾਲ ਕਰੰਟ ਪਾਸ ਕਰਦਾ ਹੈ, ਜੋ ਜਾਨਲੇਵਾ ਸਾਬਿਤ ਹੋ ਸਕਦਾ ਹੈ। ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਕੁਦਰਤ ਦੇ ਭੋਲੇ ਭਾਲੇ ਪੰਛੀ ਇਸ ਵਿੱਚ ਫਸ ਕੇ ਜਾਂ ਤਾਂ ਤੜਫ ਤੜਫ ਕੇ ਮਰ ਜਾਂਦੇ ਹਨ ਤੇ ਜਾਂ ਬੁਰੀ ਤਰਾਂ ਜਖਮੀ ਹੋ ਜਾਂਦੇ ਹਨ, ਜਿਸ ਕਰਕੇ ਇਸ ਡੋਰ ਨੂੰ ਮੌਤ ਦਾ ਸੁਦਾਗਰ ਵੀ ਆਖਿਆ ਜਾਂਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿ੍ਰੰਸੀਪਲ ਜਤਿੰਦਰ ਜੈਨ, ਗੈਰੀ ਵੜਿੰਗ, ਗਗਨ ਅਹੂਜਾ ਆਦਿ ਵੀ ਹਾਜਰ ਸਨ।