ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਨਹਿਰ ਦੀ ਰੀ-ਲਾਇਨਿੰਗ ਦਾ ਕੰਮ : ਵਿਨੀਤ ਕੁਮਾਰ
ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਫ਼ਰੀਦਕੋਟ ਸ਼ਹਿਰ ਵਿੱਚ ਸਰਹਿੰਦ ਫੀਡਰ ਨਹਿਰ ਦੀ 10 ਕਿ.ਮੀ. ਲੰਬਾਈ ਦੀ ਮੁੜ ਉਸਾਰੀ ਦਾ ਕੰਮ ਜਨਵਰੀ- ਫਰਵਰੀ 2025 ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਸਰਹਿੰਦ ਫੀਡਰ ਇਕ ਬਹੁਤ ਮਹੱਤਵਪੂਰਣ ਨਹਿਰ ਹੈ ਜਿਸ ਰਾਹੀਂ ਪੰਜਾਬ ਦੇ ਦੱਖਣ-ਪੱਛਮ ਜਿਲ੍ਹਿਆਂ ਨੂੰ ਸਿੰਜਾਈ ਅਤੇ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਹਿਰ ਦੀ ਉਸਾਰੀ ਨੂੰ ਲਗਭਗ 60 ਸਾਲ ਦਾ ਸਮਾਂ ਬੀਤ ਚੁੱਕਾ ਹੈ। ਇਹਨੇ ਸਾਲਾਂ ਵਿੱਚ ਲਗਾਤਾਰ ਨਹਿਰ ਵਿਚ ਪਾਣੀ ਚੱਲਣ ਕਾਰਨ ਨਹਿਰ ਦੀ ਇੱਟਾਂ ਦੀ ਲਾਈਨਿੰਗ ਕਾਫ਼ੀ ਕਮਜ਼ੋਰ ਅਤੇ ਖਸਤਾ ਹੋ ਗਈ ਹੈ, ਜਿਸ ਕਾਰਨ ਇਹ ਨਹਿਰ ਪੀਕ ਸੀਜ਼ਨ ਦੌਰਾਨ ਆਪਣੀ ਸਮਰੱਥਾ ਅਨੁਸਾਰ ਪਾਣੀ ਨਹੀਂ ਲੈ ਪਾ ਰਹੀ ਹੈ ਅਤੇ ਪਾਣੀ ਨਹਿਰ ਦੇ ਕੰਢਿਆਂ ਤੱਕ ਚੱਲਦਾ ਹੈ, ਜਿਸ ਕਾਰਨ ਉਸ ਸਮੇਂ ਦੌਰਾਨ ਹਰ ਵਕਤ ਲੋਕਾਂ ਦੀ ਜਾਨ ਮਾਲ ਦੇ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਇਹ ਨਹਿਰ ਇਸ ਖੇਤਰ ਦੀ ਜੀਵਨ ਰੇਖਾ ਹੈ ਅਤੇ ਨਹਿਰ ਦੀ ਫ਼ਰੀਦਕੋਟ ਸ਼ਹਿਰ ਵਿੱਚ ਹਾਲਤ ਬਹੁਤ ਖਸਤਾ ਹੋਣ ਕਾਰਨ ਇਸ ਖੇਤਰ ਵਿਚ ਲੋੜ ਅਨੁਸਾਰ ਪਾਣੀ ਨਹੀਂ ਪਹੁੰਚ ਰਿਹਾ, ਜਿਸ ਨਾਲ ਇਸ ਜਗਾ ਦੀ ਜ਼ਿਆਦਾਤਰ ਆਬਾਦੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਭ ਦੇ ਮੱਦੇਨਜ਼ਰ ਇਸ ਨਹਿਰ ਦੀ ਮੁੜ ਉਸਾਰੀ ਦਾ ਕੰਮ, ਪੰਜਾਬ ਸਰਕਾਰ ਦਾ ਇਕ ਲੋਕ ਹਿਤ ਵਿੱਚ ਲਿਆ ਗਿਆ ਇਕ ਅਹਿਮ ਫ਼ੈਸਲਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਹ ਵਿਸ਼ਵਾਸ ਦੁਵਾਇਆ ਕਿ ਇਸ ਨਹਿਰ ਦੇ ਸਰਕਾਰ ਵੱਲੋਂ ਮੁੜ ਉਸਾਰੀ ਸਬੰਧੀ ਤਜਵੀਜ਼ ਕੀਤੇ ਗਏ ਡਿਜ਼ਾਈਨ ਨਾਲ ਇਸ ਖੇਤਰ ਵਿਚ ਜ਼ਮੀਨੀ ਪਾਣੀ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਹਿਰ ਦੀ ਉਸਾਰੀ ਦੌਰਾਨ ਜਿਹੜੇ ਵੀ ਦਰਖਤਾਂ (ਜਿੰਨਾ ਨੂੰ ਹਟਾਉਣਾ ਅਤਿ ਜ਼ਰੂਰੀ ਹੈ) ਦਾ ਨੁਕਸਾਨ ਹੋਵੇਗਾ ਉਨ੍ਹਾਂ ਦਾ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਨਵੇਂ ਰੁੱਖ ਲਾ ਕੇ ਭਰਪਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਰਕਾਰ ਵੱਲੋਂ ਫ਼ਰੀਦਕੋਟ ਸ਼ਹਿਰ ਅਤੇ ਆਲੇ ਦੁਆਲੇ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਦੱਖਣ-ਪੱਛਮੀ ਇਲਾਕੇ ਦੇ ਆਪਣੇ ਸਾਥੀਆਂ ਦੀਆਂ ਤਕਲੀਫ਼ਾਂ ਅਤੇ ਉਨ੍ਹਾਂ ਦੇ ਹਿੱਤ ਧਿਆਨ ਵਿਚ ਰੱਖਦੇ ਹੋਏ ਅਤੇ ਸਰਕਾਰ ਦੀ ਘਰ-ਘਰ ਅਤੇ ਪਿੰਡ-ਪਿੰਡ ਤੱਕ ਪਾਣੀ ਪਹੁੰਚਾਉਣ ਦੀ ਵਚਨਬੱਧਤਾ ਨੂੰ ਮੁੱਖ ਰੱਖਦੇ ਹੋਏ, ਇਸ ਕੰਮ ਨੂੰ ਮੁਕੰਮਲ ਕਰਨ ਲਈ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜ਼ਿਲ੍ਹਾ ਵਾਸੀਆਂ ਤੋਂ ਵੱਧ ਤੋਂ ਵੱਧ ਸਕਾਰਾਤਮਕ ਹੁੰਗਾਰੇ ਦੀ ਆਸ ਹੈ।