ਚੀਫ ਜਸਟਿਸ ਤੇ ਜੁੱਤੀ ਸੁਟਣਾਂ ,ਉਚ ਪੁਲਿਸ ਅਧਿਕਾਰੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨਾਂ ਤੇ ਯੋਗੀ ਭਗਤਾਂ ਵੱਲੋਂ ਦਲਿਤ ਨੌਜਵਾਨ ਦੀ ਕੀਤੀ ਹੱਤਿਆ ਫਾਸ਼ੀਵਾਦੀ ਵਰਤਾਰਾ ।
ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ ਆਗੂਆਂ ਤੇ ਕੇਸ ਦਰਜ ਕਰਕੇ ਜਥੇਬੰਦੀ ਨੂੰ ਸ਼ੰਘਰਸ਼ ਕਰਨ ਤੋਂ ਰੋਕਣਾਂ ਜਮਹੂਰੀ ਅਧਿਕਾਰਾਂ ਦਾ ਘਾਣ।

ਸੰਗਰੂਰ 14ਅਕਤੂਬਰ (ਜਗਜੀਤ ਭੁਟਾਲ ਪ੍ਰਧਾਨ/ਵਰਲਡ ਪੰਜਾਬੀ ਟਾਈਮਜ਼)
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਨੇ ਬੀਤੇ ਦਿਨੀਂ ਸੰਘਰਸ਼ ਸ਼ੀਲ ਜਥੇਬੰਦੀਆਂ ਦੇ ਆਗੂਆਂ ਅਤੇ ਦਲਿਤਾਂ, ਔਰਤਾਂ ਖ਼ਿਲਾਫ਼ ਵਾਪਰੀਆਂ ਘਟਨਾਵਾਂ ਤੇ ਗੰਭੀਰ ਚਿੰਤਨ ਕਰਦਿਆਂ ਇਸ ਵਰਤਾਰੇ ਖਿਲਾਫ਼ ਲੋਕਾਂ ਨੂੰ ਚੇਤੰਨ ਕਰਨ ਦੇ ਉਪਰਾਲੇ ਵਜੋਂ ਜਨਤਕ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਬੀਤੇ ਦਿਨੀਂ ਸਭਾ ਦੀ ਜ਼ਿਲ੍ਹਾ ਇਕਾਈ ਦੀ ਜਗਜੀਤ ਸਿੰਘ ਭੁਟਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਹੋਏ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਘਰਸ਼ ਸ਼ੀਲ ਲੋਕਾਂ ਉਪਰ ਕੀਤੇ ਜਾ ਰਹੇ ਜਬਰ ਦੇ ਸਿੱਟੇ ਵਜੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਜਨਤਕ ਸਰਗਮੀਆਂ ਕਰਨ ਤੇ ਅਣ ਐਲਾਨੀ ਪਾਬੰਦੀ ਲਗਾਈ ਹੋਈ ਹੈ। ਕੁਝ ਆਗੂਆਂ ਖ਼ਿਲਾਫ਼ ਦਰਜ ਕੀਤੇ ਕੇਸਾਂ ਅਧੀਨ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ ਹਥੋਆ ਨੂੰ ਮਹੀਨਿਆਂ ਬੱਧੀ ਜੇਲ ਵਿਚ ਸੁਟਿਆ ਹੋਇਆ ਹੈ। ਉਸ ਦੇ ਪਿਤਾ ਦੀ ਮੌਤ ਸਮੇਂ ਸੰਸਕਾਰ ਅਤੇ ਭੋਗ ਸਮੇਂ ਹਥਕੜੀਆਂ ਵਿਚ ਜਕੜ ਕੇ ਰੱਖ ਕੇ ਸੰਘਰਸ਼ ਸ਼ੀਲ ਲੋਕਾਂ ਨੂੰ ਦਹਿਸ਼ਤ ਜਦਾ ਕਰਨ ਦੀ ਅਸਫਲ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਲਦਾਖ਼ ਖੇਤਰ ਦੀਆਂ ਜਾਇਜ਼ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਇਕ ਉੱਘੇ ਵਿਗਿਆਨੀ, ਵਾਤਾਵਰਨ ਪ੍ਰੇਮੀ ਅਤੇ ਗਾਂਧੀ ਵਾਦੀ ਸਮਾਜਿਕ ਆਗੂ ਸੋਨਮ ਵਾਂਗਚੁਕ ਨੂੰ ਝੂਠੇ ਬਿਰਤਾਂਤ ਸਿਰਜ ਕੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾ ਕੇ ਜੋਧਪੁਰ ਜੇਲ ਵਿਚ ਸੁੱਟ ਦਿੱਤਾ ਗਿਆ ਹੈ। ਭਾਰਤ ਦੇ ਚੀਫ ਜਸਟਿਸ ਉਪਰ ਜੁੱਤੀ ਸੁੱਟਣ ਵਾਲੇ ਵਕੀਲ ਖਿਲਾਫ ਕਾਰਵਾਈ ਕਰਨ ਦੀ ਥਾਂ, ਉਸ ਨੂੰ ਫ਼ਿਰਕੂ ਜ਼ਹਿਰ ਫੈਲਾਉਣ ਦੀ ਅਤੇ ਇਸ ਘਟਨਾ ਵਿਚ ਚੀਫ਼ ਜਸਟਿਸ ਦੀ ਜਾਤਪਾਤੀ ਆਧਾਰ ਤੇ ਕਿਰਦਾਰਕੁਸ਼ੀ ਕਰਨ ਵਾਲੇ ਮੀਡੀਏ ਨੂੰ ਖੁਲ੍ਹੀ ਛੁੱਟੀ ਦੇ ਕੇ, ਹਰਿਆਣਾ ਵਿੱਚ ਜਾਤਪਾਤੀ ਉਤਪੀੜਨ ਕਾਰਨ ਖੁਦਕੁਸ਼ੀ ਕਰ ਗਏ ਉਚ ਪੁਲਿਸ ਅਧਿਕਾਰੀ ਲਈ ਜੁੰਮੇਵਾਰ ਪੁਲਿਸ ਅਧਿਕਾਰੀ ਅਤੇ ਹੋਰ ਲੋਕਾਂ ਖਿਲਾਫ ਕਾਰਵਾਈ ਕਰਨ ਤੋਂ ਪਾਸਾ ਵੱਟ ਕੇ, ਉਤਰ ਪ੍ਰਦੇਸ਼ ਵਿਚ ਬਰੇਲੀ ਵਿਚ ਯੋਗੀ ਭਗਤ ਵਲੋਂ ਦਲਿਤ ਨੌਜਵਾਨ ਦੀ ਕੀਤੀ ਹੱਤਿਆ ਦੀਆਂ ਘਟਨਾਵਾਂ ਨੇ ਕੇਂਦਰ ਸਰਕਾਰ ਦੇ ਦਲਿਤ ਵਿਰੋਧੀ ਅਤੇ ਫਿਰਕੂ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ। ਇਸ ਲਈ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਫਾਸ਼ੀਵਾਦੀ ਕਿਰਦਾਰ ਪ੍ਰਤੀ ਲੋਕ ਚੇਤਨਾ ਦਾ ਪਸਾਰਾ ਕਰਨ ਲਈ ਜਨਤਕ ਲਾਮਬੰਦੀ ਕਰਨ ਲਈ 26 ਅਕਤੂਬਰ, ਐਤਵਾਰ, ਨੂੰ ਸੰਗਰੂਰ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ ਪਸੰਦ ਲੋਕਾਂ ਦੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਮੀਟਿੰਗ ਵਿੱਚ ਮੁਨਾਫ਼ਾਖੋਰੀ ਦੀ ਲਾਲਸਾ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਘਟੀਆ ਦਵਾਈਆਂ ਬਣਾਉਣ ਵਾਲੇ ਪੂੰਜੀਪਤੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਦੀ ਮੰਗ ਕੀਤੀ ਅਤੇ ਸੰਗਰੂਰ ਜ਼ਿਲ੍ਹੇ ਸਮੇਤ ਪੰਜਾਬ ਵਿੱਚ ਡੇਂਗੂ ਅਤੇ ਚਿਕਨਗੁਨੀਆਂ ਨਾਲ ਪੀੜਤ ਲੱਖਾਂ ਲੋਕਾਂ ਪ੍ਰਤੀ ਸਰਕਾਰ ਵਲੋਂ ਦਿਖਾਈ ਜਾ ਰਹੀ ਬੇਰੁਖੀ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਰਕਾਰ ਨੂੰ ਲੋਕਾਂ ਦੇ ਮੁਕੰਮਲ ਅਤੇ ਮੁਫ਼ਤ ਇਲਾਜ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਅਤੇ ਇਹਨਾਂ ਬਿਮਾਰੀਆਂ ਕਾਰਨ ਮਿਰਤਕ ਵਿਆਕਤੀਆਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਮੀਟਿੰਗ ਵਿੱਚ ਸੂਬਾ ਆਗੂ ਸਵਰਨਜੀਤ ਸਿੰਘ, ਮਨਧੀਰ ਸਿੰਘ ਰਾਜੋਮਾਜਰਾ,ਵਿਸਾਖਾ ਸਿੰਘ ਸਮੇਤ ਜ਼ਿਲ੍ਹਾ ਆਗੂ ਬਸੇਸਰ ਰਾਮ, ਕੁਲਵਿੰਦਰ ਬੰਟੀ, ਭਜਨ ਸਿੰਘ ਰੰਗੀਆਂ, ਰਘਬੀਰ ਸਿੰਘ ਭੁਟਾਲ, ਲਛਮਣ ਅਲੀਸ਼ੇਰ ਅਤੇ ਪ੍ਰਿੰਸੀਪਲ ਅਮਰੀਕ ਸਿੰਘ ਖੋਖਰ
ਵੀ ਸ਼ਾਮਲ ਸਨ।