ਕੋਟਕਪੂਰਾ, 30 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜ਼ਿਲੇ ਦੇ ਪਿੰਡ ਕਾਂਨਿਆਂਵਾਲੀ ਵਿਖੇ ਜਮੀਨੀ ਵਿਵਾਦ ਦੇ ਮਾਮਲੇ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਭਰਾ ਵਲੋਂ ਆਪਣੀ ਸਕੀ ਭੈਣ ਅਤੇ ਜੀਜੇ ਦਾ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦੀ ਦੁਖਦਾਇਕ ਖਬਰ ਮਿਲੀ ਹੈ। ਪੁਲਿਸ ਨੇ ਮਿ੍ਰਤਕਾਂ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਕੇ ਉਹਨਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਹਰਪ੍ਰੀਤ ਕੌਰ ਦਾ ਵਿਆਹ ਰੇਸ਼ਮ ਸਿੰਘ ਵਾਸੀ ਪਿੰਡ ਆਲਮ ਵਾਲਾ ਜਿਲਾ ਮੋਗਾ ਨਾਲ ਹੋਇਆ ਸੀ ਪਰ ਉਹ ਕੁਝ ਸਮੇਂ ਬਾਅਦ ਆਪਣੇ ਪਤੀ ਨਾਲ ਪੇਕੇ ਪਿੰਡ ਕਾਨਿਆਂਵਾਲੀ ਵਿਖੇ ਰਹਿ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਸਮੀਤ ਸਿੰਘ ਐਸ.ਪੀ. ਫਰੀਦਕੋਟ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ। ਉਹਨਾ ਦੱਸਿਆ ਕਿ ਹਰਪ੍ਰੀਤ ਕੌਰ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਅਤੇ ਸਾਂਭ ਸੰਭਾਲ ਲਈ ਪਤੀ ਸਮੇਤ ਪੇਕੇ ਪਿੰਡ ਰਹਿ ਰਹੀ ਸੀ ਪਰ ਉਸਦੇ ਭਰਾ ਅਰਸ਼ਦੀਪ ਸਿੰਘ ਨੂੰ ਜਮੀਨ ਦੀ ਵੰਡ ਦਾ ਖਦਸ਼ਾ ਸਤਾਉਣ ਲੱਗਾ। ਉਹਨਾ ਦੱਸਿਆ ਕਿ ਜਮੀਨ ਦੇ ਵਿਵਾਦ ਨੂੰ ਲੈ ਕੇ ਦੋਹਾਂ ਧਿਰਾਂ ਦਰਮਿਆਨ ਤਕਰਾਰ ਹੋਇਆ ਅਤੇ ਅਰਸ਼ਦੀਪ ਸਿੰਘ ਨੇ ਤੇਜਧਾਰ ਹਥਿਆਰ ਨਾਲ ਆਪਣੀ ਭੈਣ ਅਤੇ ਜੀਜੇ ਦਾ ਬੇਰਹਿਮੀ ਨਾਲ ਘਰ ਵਿੱਚ ਹੀ ਕਤਲ ਕਰ ਦਿੱਤਾ। ਉਹਨਾ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਦੋਹਰੇ ਕਤਲਕਾਂਡ ਸਬੰਧੀ ਮਾਮਲਾ ਦਰਜ ਕਰਨ ਉਪਰੰਤ ਮੁਲਜਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।ਕੈਪਸ਼ਨ :- ਪਿੰਡ ਕਾਨਿਆਂਵਾਲੀ ਵਿਖੇ ਵਾਪਰੇ ਦੋਹਰੇ ਕਤਲਕਾਂਡ ਸਬੰਧੀ ਪੜਤਾਲ ਕਰਦੀ ਪੁਲਿਸ ਅਤੇ ਇਨਸੈੱਟ ’ਚ ਮਿ੍ਰਤਕਾਂ ਦੀਆਂ ਤਸਵੀਰਾਂ।

