ਕਿਸਾਨਾਂ ਨਾਲ ਫਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਸਬੰਧੀ ਕੀਤੀਆਂ ਵਿਚਾਰਾਂ
ਫਰੀਦਕੋਟ , 19 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਫਰੀਦਕੋਟ ’ਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ’ਤੇ ਲਿਆਉਣ ਲਈ ਆਰੰਭੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਜੈਤੋ ਸਥਿੱਤ ਖੇਤੀਬਾੜੀ ਦਫਤਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਕੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਕਾਰਨ ਹੋਣ ਵਾਲੇ ਨੁਕਸਾਨਾਂ ਦੇ ਮੱਦੇਨਜਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪਰਾਲੀ ਪ੍ਰਬੰਧਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜ੍ਹੀ ਅਫ਼ਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਲ 2023-24 ਦੌਰਾਨ ਜਿਲ੍ਹਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ 2022 ਵਾਕਿਆ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸਾਸ਼ਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ’ਤੇ ਲਿਆਉਣ ਲਈ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਬਹੁਤਾਤ ਰਕਬੇ ਵਿੱਚ ਪੀ.ਆਰ. 131 ਅਤੇ 126 ਕਿਸਮਾਂ ਦੀ ਬਿਜਾਈ ਕੀਤੀ ਗਈ, ਜਿਸ ਦਾ ਪਰਾਲੀ ਘੱਟ ਹੁੰਦਾ ਹੈ, ਜਿਸ ਕਾਰਨ ਪਰਾਲੀ ਨੂੰ ਸੜੇ ਬਗੈਰ ਨਵੀਨਤਮ ਤਕਨੀਕਾਂ/ਮਸ਼ੀਨਾਂ ਜਿਵੇਂ ਮਲਚਰ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਕਟਰ ਕਮ ਸ਼ਰੈਡਰ, ਉਲਟਾਵਾਂ ਹੱਲ, ਸਰਫੇਸ ਸੀਡਰ ਦੀ ਵਰਤੋਂ ਨਾਲ ਪਰਾਲੀ ਦੀ ਸੰਭਾਲ ਕਰਕੇ ਨਾ ਕੇਵਲ ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਹੀ ਲਈ ਜਾ ਸਕਦੀ ਹੈ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ।