ਫਰੀਦਕੋਟ , 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੀਆਂ ਜੋੜੀਆਂ ਨਹਿਰਾਂ ’ਤੇ ਹਰਿਆਵਲ ਅਤੇ ਫਰੀਦਕੋਟ ਦੇ ਪੀਣਯੋਗ ਪਾਣੀ ਨੂੰ ਬਚਾਉਣ ਦੇ ਮਸਲੇ ਵਿੱਚ ਫਰੀਦਕੋਟ ਪ੍ਰਸ਼ਾਸਨ ਦੇ ਨਾਲ ਗੱਲਬਾਤ ਅਸਫ਼ਲ ਹੋਣ ਦੇ ਬਾਅਦ ਜਲ ਜੀਵਨ ਬਚਾਓ ਮੋਰਚਾ ਫ਼ਰੀਦਕੋਟ ਵੱਲੋਂ ਨਹਿਰਾਂ ਦੇ ਕੰਕਰੀਟੀਕਰਨ ਦੇ ਵਿਰੁੱਧ ਲੋਕਾਂ ਦੀ ਲਾਮਬੰਦੀ ਕਰਨੀ ਮੁੜ ਸ਼ੁਰੂ ਕਰ ਦਿੱਤੀ ਹੈ ਅਤੇ ਆਪਣੇ ਲੜੀਵਾਰ ਵਿਰੋਧ ਪ੍ਰਦਰਸ਼ਨ ਜਾਰੀ ਰੱਖਦਿਆਂ ਨੁੱਕੜ ਮੀਟਿੰਗਾਂ ਦੀ ਲੜੀ ਅੱਗੇ ਤੋਰੀ ਗਈ। ਇਸ ਲੜੀ ਤਹਿਤ ਬਲਬੀਰ ਐਵੀਨਿਊ, ਗਲੀ ਨੰਬਰ 3, ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਮੋਰਚੇ ਦਾ ਸੁਨੇਹਾ ਦਿੱਤਾ ਗਿਆ, ਜਿਸ ’ਤੇ ਮੁਹੱਲਾ ਵਾਸੀਆਂ ਨੇ ਜਲ ਜੀਵਨ ਬਚਾਓ ਮੋਰਚਾ ਨੂੰ ਭਾਰੀ ਸਮਰਥਨ ਦੇਣ ਦਾ ਵਾਅਦਾ ਕੀਤਾ। ਗੁਰਦੁਆਰਾ ਸਾਹਿਬ ਵਿੱਚ ਕੁਲਦੀਪ ਸ਼ਰਮਾ, ਜਸਵਿੰਦਰ ਮਿੰਟੂ, ਐਡਵੋਕੇਟ ਕਰਨਦੀਪ ਸਿੰਘ ਭੁੱਲਰ, ਕਰਮਜੀਤ ਸਿੰਘ ਆਦਿ ਨੇ ਸੰਗਤ ਨੂੰ ਇਸ ਸਬੰਧੀ ਸੰਬੋਧਨ ਕਰਦਿਆਂ ਨਹਿਰ ਨੂੰ ਪੱਕਿਆਂ ਕਰਨ ਬਾਅਦ ਨਿਕਲਣ ਵਾਲੇ ਮਾਰੂ ਨਤੀਜਿਆਂ ਬਾਰੇ ਜਾਣੂ ਕਰਵਾਇਆ। ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਮੋਰਚੇ ਦੇ ਆਗੂਆਂ ਨੂੰ ਆਉਣ ਵਾਲੇ ਸਮੇਂ ਵਿੱਚ ਭਰਵੇਂ ਸਮਰਥਨ ਦਾ ਭਰੋਸਾ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ੰਕਰ ਸ਼ਰਮਾ, ਕੇਵਲ ਕ੍ਰਿਸ਼ਨ ਕਟਾਰੀਆ, ਪਰਮਿੰਦਰ ਸਿੰਘ ਗਿੱਲ, ਗਗਨਦੀਪ ਮਠਾੜੂ, ਸੰਦੀਪ ਅਰੋੜਾ, ਟੋਨੀ, ਰਾਜਵਿੰਦਰ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ।