ਕੋਟਕਪੂਰਾ, 1 ਜਨਵਰੀ ( ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਸ੍ਰੀ ਜੁਗਰਾਜ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਵੱਲੋਂ ਪੀ.ਐੱਲ.ਵੀ., ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਸਹਾਇਤਾ ਨਾਲ ਪੰਚਾਇਤ ਘਰ ਪਿੰਡ ਮਚਾਕੀ ਖੁਰਦ ਵਿਖੇ ਕੰਪੇਨ ਯੂਥ ਅਗੇਨਸਟ ਡਰੱਗਜ਼ ਅਧੀਨ ਜਾਗਰੂਕਤਾ ਸੈਮੀਨਾਰ ਲਾਇਆ ਗਿਆ। ਇਸ ਮੌਕੇ ਜੱਜ ਸਾਹਿਬ ਨੇ ਪੰਚਾਇਤ ਵਿੱਚ ਇਕੱਠੇ ਹੋਏ ਲੋਕਾਂ ਨੂੰ ਨਸ਼ੇ ਤੋਂ ਹੋਣ ਵਾਲੇ ਭਿਆਨਕ ਨੁਕਸਾਨਾਂ ਬਾਰੇ ਦੱਸਿਆ ਅਤੇ ਇਹ ਪ੍ਰਣ ਲੈਣ ਲਈ ਪ੍ਰੇਰਿਤ ਕੀਤਾ ਕਿ ਪਿੰਡ ਨਸ਼ਾ ਮੁਕਤ ਹੋਵੇ ਤਾਂ ਜੋ ਪਿੰਡ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਅਤੇ ਕੌਮਾਂਤਰੀ ਪੱਧਰ ਤੱਕ ਦੇਸ਼ ਨਸ਼ਾ ਮੁਕਤ ਹੋ ਸਕੇ। ਇਸ ਦੇ ਨਾਲ਼ ਹੀ ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਨੂੰ ਵੀ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਓਹ ਟੋਲ-ਫਰੀ ਨੰਬਰ 15100 ਤੇ ਫੋਨ ਕਰ ਸਕਦੇ ਹਨ।
