ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੰਜਾਬ ਅੰਦਰ ਹੋਈਆਂ ਜਿਮਨੀ ਚੋਣਾਂ ਦੌਰਾਨ ਚਾਰ ’ਚੋਂ ਤਿੰਨ ਸੀਟਾਂ ਜਿੱਤ ਕੇ ਜਿੱਥੇ ਆਮ ਆਦਮੀ ਪਾਰਟੀ ਦਾ ਸਿਆਸੀ ਗਰਾਫ ਹੋਰ ਵਧੀਆ ਹੈ, ਉੱਥੇ ਗਿੱਦੜਬਾਹਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਹਲਕਿਆਂ ਦੇ ਰੁਕੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਦੀ ਆਸ ਬੱਝੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਹਲਕਾ ਜੈਤੋ ਅਧੀਨ ਆਉਂਦੇ ਕੋਠੇ ਰਾਮਸਰ ਦੇ ਸਰਪੰਚ ਤਰਵਿੰਦਰ ਸਿੰਘ ਕਿੰਦਾ ਢਿੱਲੋਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਜੈਤੋ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਇੰਜੀ. ਅਮੋਲਕ ਸਿੰਘ ਦੀ ਅਗਵਾਈ ਹੇਠ ਹਲਕੇ ਦੇ ਸਮੂਹ ਆਗੂ ਅਤੇ ਵਰਕਰਾਂ ਨੇ ਗਿੱਦੜਬਾਹਾ ਹਲਕੇ ’ਚੋਂ ਪੱਕੇ ਤੌਰ ’ਤੇ ਡੇਰਾ ਲਾ ਕੇ ਲਗਾਤਾਰ ਚੋਣ ਪ੍ਰਚਾਰ ਕੀਤਾ, ਜਿਸ ਕਰਕੇ ਇਸ ਜਿੱਤ ਲਈ ਹਲਕੇ ਦੇ ਸਮੂਹ ਆਗੂ ਵਿਧਾਇਕ ਅਮੋਲਕ ਸਿੰਘ ਨੂੰ ਵਧਾਈ ਦੇ ਰਹੇ ਹਨ, ਇਸ ਜਿੱਤ ਨੇ ਲੋਕਾਂ ’ਚੋਂ ਪਾਰਟੀ ਪ੍ਰਤੀ ਵਿਸ਼ਵਾਸ਼ ਵਧਾਇਆ ਹੈ। ਤਰਵਿੰਦਰ ਸਿੰਘ ਢਿੱਲੋਂ ਨੇ ਆਖਿਆ ਕਿ ਦਰਅਸਲ ਇਹਨਾਂ ਚੋਣਾਂ ਦੇ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਖੜੇ ਹਨ।
