ਫਰੀਦਕੋਟ 10 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ , ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਆਈ.ਏ.ਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਤਹਿਤ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਮਿਤੀ 20-10-2025 ਨੂੰ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਰਾਤ 8:00 ਤੋਂ 10:00 ਵਜੇ ਤੱਕ , ਗੁਰਪੁਰਬ ਦੇ ਮੌਕੇ 5-11-2025 ਨੂੰ ਸਵੇਰੇ 4 ਵਜੇ ਤੋਂ 5 ਵਜੇ (ਇੱਕ ਘੰਟਾ) ਰਾਤ 9 ਵਜੇ ਤੋਂ ਰਾਤ 10 ਵਜੇ ਤੱਕ (ਇਕ ਘੰਟਾ) ਅਤੇ ਕ੍ਰਿਸਮਿਸ 25-26 ਦਸੰਬਰ ਅਤੇ ਨਵਾਂ ਸਾਲ 31 ਦਸੰਬਰ 2025 ਅਤੇ 01 ਜਨਵਰੀ 2026 ਨੂੰ ਅੱਧੀ ਰਾਤ 11.55 ਤੋਂ 12.30 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ।
ਜਿਲਾ ਮੈਜਿਸਟਰੇਟ ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਦੀਵਾਲੀ, ਗੁਰਪੁਰਬ ਕ੍ਰਿਸਮਿਸ, ਤੇ ਨਵੇ ਸਾਲ ਦੀ ਆਮਦ/ ਤਿਉਹਾਰਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਜਿਸ ਦੌਰਾਨ ਲੋਕ ਆਮ ਤੌਰ ਤੇ ਪਟਾਖੇ, ਆਤਿਸ਼ਬਾਜੀ ਚਲਾਉਂਦੇ ਹਨ, ਜਿਸ ਨਾਲ ਜਿਥੇ ਅੱਗ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਉਥੇ ਇਸ ਨਾਲ ਆਵਾਜ਼ ਪ੍ਰਭਾਵ ਅਤੇ ਵਾਤਾਵਰਣ ਪ੍ਰਦੂਸ਼ਣ ਵੀ ਫੈਲਦਾ ਹੈ। ਜਿਆਦਾ ਭਾਰੀ ਵਿਸਫੋਟਕ ਪਟਾਕਿਆਂ, ਆਤਿਸ਼ਬਾਜੀਆਂ ਅਤੇ ਦਿਲ ਕੰਬਾਊ ਆਵਾਜ਼ਾਂ ਨਾਲ ਕਮਜ਼ੋਰ ਦਿਲ ਇਨਸਾਨਾਂ ਸਾਹ ਦੇ ਰੋਗੀਆਂ ਅਤੇ ਬਜ਼ੁਰਗਾਂ ਆਦਿ ਦੀ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਗਿਆਨ ਤਕਨੀਕ ਅਤੇ ਵਾਤਾਵਰਣ ਵਿਭਾਗ ਪੰਜਾਬ ਪਾਸੋਂ ਪ੍ਰਾਪਤ ਹੋਏ ਪੱਤਰ ਰਾਹੀਂ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਵਿੱਚ ਪੰਜਾਬ ਰਾਜ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਸਮਾਂ ਨਿਰਧਾਰਿਤ ਕੀਤਾ ਜਾਣਾ ਜਰੂਰੀ ਹੈ।