ਹੁਕਮ 23 ਫਰਵਰੀ 2025 ਤੱਕ ਲਾਗੂ ਰਹਿਣਗੇ : ਡਿਪਟੀ ਕਮਿਸ਼ਨਰ
ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਜਿਲ੍ਹਾ ਮੈਜਿਸਟ੍ਰੇਟ ਵਿਨੀਤ ਕੁਮਾਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 23 ਫਰਵਰੀ 2025 ਤੱਕ ਲਾਗੂ ਰਹਿਣਗੇ। ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲ੍ਹਾ ਫਰੀਦਕੋਟ ਅੰਦਰ ਕਿਸੇ ਤਰਾਂ ਦੇ ਲਾਈਵ ਸ਼ੋਅ ਦੌਰਾਨ ਸ਼ਰਾਬ ਜਾਂ ਨਸ਼ੇ ਉਤਸ਼ਾਹਿਤ ਅਤੇ ਹਿੰਸਾ ਨੂੰ ਭੜਕਾਉਣ ਵਾਲੇ ਗੀਤ ਆਦਿ ਨਹੀਂ ਗਾਏ ਜਾਣਗੇ। ਜਿਲ੍ਹਾ ਫਰੀਦਕੋਟ ਅੰਦਰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਨੇਮਾ ਹਾਲਾਂ/ਮਲਟੀਪਲੈਕਸਾਂ ਵਿੱਚ ਜਾਣ ਦੀ ਆਗਿਆ ਨਹੀਂ ਹੋਵੇਗੀ, ਜਿੱਥੇ ਮਾਰਕ ਏ ਵਾਲੀਆਂ ਫਿਲਮਾਂ ਪ੍ਰਦਰਸ਼ਤ ਹੁੰਦੀਆਂ ਹਨ। ਜਿਲ੍ਹਾ ਫਰੀਦਕੋਟ ਅੰਦਰ ਵਿਦਿਅਕ ਸੰਸਥਾਵਾਂ ਦੇ ਆਸ ਪਾਸ ਨਗਨ ਪੋਸਟਰ, ਅਰਧ ਨਗਨ ਪੋਸਟਰ, ਅਸ਼ਲੀਲ ਪੋਸਟਰ ਸਥਾਪਤ/ਪ੍ਰਦਰਸ਼ਤ ਨਹੀਂ ਕੀਤੇ ਜਾਣਗੇ। ਜਿਲ੍ਹਾ ਫਰੀਦਕੋਟ ਅੰਦਰ ਸਾਲਾਨਾ ਪ੍ਰੀਖਿਆਵਾਂ ਤੋਂ 15 ਦਿਨ ਪਹਿਲਾਂ ਅਤੇ ਪ੍ਰੀਖਿਆਵਾਂ ਦੌਰਾਨ ਲਾਉਡ ਸਪੀਕਰ ਚਲਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਗਈ ਹੈ।