ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚਨਾਬ ਗਰੁੱਪ ਆਫ ਐਜੂਕੇਸ਼ਨ ਕੋਟਕਪੂਰਾ ਦੇ ਸਹਿਯੋਗ ਨਾਲ ਸੱਤਿਆ ਸਾਈ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ ਵਲੋਂ ਦੀਨ ਦਿਆਲ ਉਪਾਧਿਆ ਗ੍ਰਾਮੀਨ ਕੌਸ਼ਲ ਯੋਜਨਾ ਪੇਂਡੂ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ, ਪੇਂਡੂ ਖੇਤਰ ਦੇ ਨੌਜਵਾਨ ਲੜਕੀਆਂ ਲਈ ਚਲਾਏ ਜਾ ਰਹੇ ਇਸ ਸੈਂਟਰ ਵਿੱਚ ਕੱਲ ਜਿਲੇ ਦੇ ਪੁਲਿਸ ਮੁਖੀ ਡਾ. ਪ੍ਰਗਿਆ ਜੈਨ ਐਸਐਸਪੀ ਦੀ ਰਹਿਨੁਮਾਈ ਹੇਠ ਜਿਲ੍ਹਾ ਸਾਈਬਰ ਕ੍ਰਾਈਮ ਸੁਰੱਖਿਆ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਸਥਾਨਕ ਜੈਤੋ ਰੋਡ ’ਤੇ ਸਥਿੱਤ ਸਦਾ ਰਾਮ ਬਾਂਸਲ ਸਕੂਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਬਤੌਰ ਮੁੱਖ ਮਹਿਮਾਨ ਰਾਜ ਕੁਮਾਰ ਡੀਐਸਪੀ ਸਾਈਬਰ ਸੁਰੱਖਿਆ ਪਹੁੰਚੇ ਉਨਾਂ ਨੇ ਵਿਸਥਾਰ ਵਿੱਚ ਬੱਚਿਆਂ ਨੂੰ ਹੱਥ ਵਿੱਚ ਫੜੇ ਮੋਬਾਇਲ ਦੀ ਸਹੀ ਵਰਤੋਂ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਠੱਗੀਆਂ ਤਾਂ ਸ਼ਿਕਾਰ ਹੋਣ ਤੋਂ ਬਚਣ ਲਈ ਕਾਫੀ ਨੁਕਤੇ ਸਾਂਝੇ ਕੀਤੇ। ਸਾਈਬਰ ਕ੍ਰਾਈਮ ਸੈਲ ਦੇ ਵਿਸ਼ੇਸ਼ ਵਕਤਾ ਸਰਦਾਰ ਭੁਪਿੰਦਰ ਸਿੰਘ ਨੇ ਵਿਸਥਾਰ ਸਹਿਤ ਅੱਜ ਆਨਲਾਈਨ ਤਰੀਕੇ ਨਾਲ ਹੋ ਰਹੀਆਂ ਠੱਗੀਆਂ, ਜਿਨਸੀ ਸ਼ੋਸ਼ਣ, ਮਾਲੀ ਨੁਕਸਾਨ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਕਾਰਨ ਸਾਡਾ ਸਾਈਬਰ ਸੁਰੱਖਿਆ ਪ੍ਰਤੀ ਸੁਚੇਤ ਨਾ ਹੋਣਾ ਵੱਡਾ ਕਾਰਨ ਹੈ, ਸਾਡੀ ਛੋਟੀ ਜਿਹੀ ਗਲਤੀ ਸਾਡਾ ਵੱਡਾ ਨੁਕਸਾਨ ਕਰਵਾ ਸਕਦੀ ਹੈ ਇਸ ਲਈ ਸਾਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਮਿਹਨਤ ਨਾਲ ਕਮਾਏ ਪੈਸੇ ਅਤੇ ਆਪਣੇ ਨਿੱਜੀ ਡਾਟੇ ਦੀ ਦੁਰਵਰਤੋਂ ਤੋਂ ਬਚ ਸਕਦੇ ਹਾਂ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸਮਾਜਸੇਵੀ ਉਦੇ ਰੰਦੇਵ ਨੇ ਆਪਣੇ ਨਿੱਜੀ ਤਜਰਬਿਆਂ ਨਾਲ ਨੌਜਵਾਨ ਬੱਚੀਆਂ ਵਿੱਚ ਸੇਵਾ ਦੀ ਮਹਾਨਤਾ ਨੂੰ ਸਮਰਪਿਤ ਹੋ ਕੇ ਸਮਾਜ ਨੂੰ ਉੱਚਾ ਚੁੱਕਣ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸੱਤਿਆ ਸਾਈ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੇ ਸੈਂਟਰ ਹੈਡ ਬਲਜੀਤ ਸਿੰਘ ਖੀਵਾ ਨੇ ਆਏ ਹੋਏ ਪਤਵੰਤਿਆਂ ਅਤੇ ਬੱਚਿਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਜ਼ਿਲਾ ਪੁਲਿਸ ਮੁਖੀ ਅਤੇ ਡੀ.ਐਸ.ਪੀ. ਸਾਈਬਰ ਕ੍ਰਾਈਮ ਦਾ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਬੱਚੇ ਇਸ ਜਾਣਕਾਰੀ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਵਿੱਚ ਸਾਂਝਾ ਕਰਕੇ ਸਮਾਜ ਦੇ ਆਰਥਿਕ ਨੁਕਸਾਨ ਨੂੰ ਬਚਾ ਸਕਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਘੋਲੀਆ ਮੈਡਮ ਮਮਤਾ, ਨਵਜੋਤ ਕੌਰ, ਸ਼ਿਵ ਕੁਮਾਰ, ਅਵਤਾਰ ਸਿੰਘ, ਕੁਲਬੀਰ ਕੌਰ, ਮੀਨਾਕਸ਼ੀ ਸ਼ਰਮਾ ਅਤੇ ਸੈਂਕੜੇ ਬੱਚੇ ਵੀ ਹਾਜਰ ਸਨ।
